ਨਹੀਂ ਰਹੇ ਗੁਰਦੁਆਰਾ ਬੜੂ ਸਾਹਿਬ ਟਰੱਸਟ ਦੇ ਮੀਤ ਪ੍ਰਧਾਨ ਡਾ. ਖੇਮ ਸਿੰਘ ਗਿੱਲ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਦੇ ਉੱਘੇ ਅਕਾਦਮੀਅਨ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ–ਚਾਂਸਲਰ ਡਾ. ਖੇਮ ਸਿੰਘ ਗਿੱਲ ਦਾ ਮੰਗਲਵਾਰ ਸਵੇਰੇ ਦੇਹਾਂਤ ਹੋ ਗਿਆ ਹੈ। ਉਹ 89 ਸਾਲਾਂ ਦੇ ਸਨ । ਡਾ. ਖੇਮ ਸਿੰਘ ਗਿੱਲ ਟਰੱਸਟ ਗੁਰਦੁਆਰਾ ਬੜੂ ਸਾਹਿਬ ਦੇ ਮੀਤ–ਪ੍ਰਧਾਨ ਸਨ। ਉਨ੍ਹਾਂ ਨੂੰ ਭਾਰਤ ਦੇ ਵੱਕਾਰੀ ਨਾਗਰਿਕ–ਸਨਮਾਨ ਪਦਮ–ਭੂਸ਼ਨ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਇਸ ਸਬੰਧੀ ਡਾ.  ਖੇਮ ਸਿੰਘ ਗਿੱਲ ਦੀ ਧੀ ਦਵਿੰਦਰ ਕੌਰ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਇੱਕ ਗੁਰਸਿੱਖ ਵਿਅਕਤੀ ਵਾਂਗ 1 ਵਜੇ ਨਿੱਤਨੇਮ ਕਰਨ ਤੋਂ ਬਾਅਦ ਤਕਰੀਬਨ 3 : 30 ਵਜੇ ਡਾ. ਖੇਮ  ਸਿੰਘ ਦਾ ਦੇਹਾਂਤ ਹੋਇਆ ਹੈ।

ਡਾ. ਖੇਮ ਸਿੰਘ ਗਿੱਲ ਦੇ ਦੇਹਾਂਤ ਉੱਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਡਾ. ਗਿੱਲ ਨੂੰ ਹਰੀ ਕ੍ਰਾਂਤੀ ਵਿੱਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਸਦਕਾ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਡਾ. ਗਿੱਲ ਦੇ ਦੇਹਾਂਤ ਉੱਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਡਾ. ਖੇਮ ਸਿੰਘ ਗਿੱਲ ਇੱਕ ਵਿਦਵਾਨ ਤੇ ਵਿਗਿਆਨੀ ਸਨ। ਪੰਜਾਬ ਦੇ ਹਰੇ ਇਨਕਲਾਬ ਵਿੱਚ ਉਨ੍ਹਾਂ ਦੀ ਦੇਣ ਅਸਾਧਾਰਣ ਸੀ।

ਦੱਸ ਦਈਏ ਕਿ ਡਾ. ਖੇਮ ਸਿੰਘ ਗਿੱਲ ਦਾ ਜਨਮ 1 ਸਤੰਬਰ, 1930 ਵਿੱਚ ਮੋਗਾ ਜ਼ਿਲ੍ਹੇ ਦੇ ਪਿੰਡ ਕਾਲੇਕੇ ਵਿਖੇ ਹੋਇਆ ਸੀ। ਉਨ੍ਹਾਂ 1949 ‘ਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਖੇਤੀਬਾੜੀ ‘ਚ ਬੀਐੱਸਸੀ ਅਤੇ 1951 ‘ਚ ਪੰਜਾਬ ਯੂਨਵਿਰਸਿਟੀ ਤੋਂ ਮਾਸਟਰਜ਼ ਦੀ ਡਿਗਰੀ ਹਾਸਲ ਕੀਤੀ ।1966 ‘ਚ ਉਹਨਾਂ ਜੀਨੈਟਿਕਸ ਵਿਸ਼ੇ ਵਿੱਚ ਪੀ–ਐੱਚ.ਡੀ. ਕੀਤੀ ਸੀ। ਸਾਲ 1990 ਵਿੱਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ – ਲੁਧਿਆਣਾ ਦੇ ਵਾਈਸ ਚਾਂਸਲਰ ਨਿਯੁਕਤ ਹੋਏ ਸਨ। ਉਹ ਕਲਗੀਧਰ ਟਰੱਸਟ ਅਤੇ ਕਲਗੀਧਰ ਸੁਸਾਇਟੀ ਬੜੂ ਸਾਹਿਬ ਦੇ ਮੀਤ ਪ੍ਰਧਾਨ ਸਨ। ਡਾ. ਗਿੱਲ ਇਟਰਨਲ ਗਲੋਬਲ ਯੂਨੀਵਰਸਿਟੀ ਦੀ ਸੰਤ ਤੇਜਾ ਸਿੰਘ ਚੇਅਰ ਵਿੱਚ ਸਿੱਖ ਧਰਮ ਦੇ ਪ੍ਰੋਫ਼ੈਸਰ ਵੀ ਸਨ। ਡਾ. ਗਿੱਲ ਨੂੰ ਉਹਨਾਂ ਦੇ ਵੱਡਮੁੱਲੇ ਕੰਮਾਂ ਲਈ ਅਨੇਕਾਂ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ।ਡਾ. ਖੇਮ ਸਿੰਘ ਗਿੱਲ ਉੱਘੇ ਵਿਦਵਾਨ ਅਤੇ ਸਮਾਜਸੇਵੀ ਸਨ। ਦੇਸ਼ ਅਤੇ ਸੂਬੇ ਦੀ ਤਰੱਕੀ ‘ਚ ਪਾਏ ਆਪਣੇ ਵੱਡਮੁੱਲੇ ਯੋਗਦਾਨ ਲਈ ਉਹ ਹਮੇਸ਼ਾ ਯਾਦ ਕੀਤੇ ਜਾਣਗੇ।

Share this Article
Leave a comment