ਵਰਲਡ ਡੈਸਕ :– ਪਾਕਿਸਤਾਨ ਦੀ ਸੈਨੇਟ ‘ਚ ਗੁਰਦੀਪ ਸਿੰਘ ਪਹਿਲੇ ਸਿੱਖ ਮੈਂਬਰ ਬਣ ਗਏ ਹਨ। ਗੁਰਦੀਪ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਹਨ। ਗੁਰਦੀਪ ਨੇ ਬੀਤੇ ਸ਼ੁੱਕਰਵਾਰ ਨੂੰ ਸਹੁੰ ਚੁੱਕੀ। ਗੁਰਦੀਪ ਸਿੰਘ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਗ੍ਰਹਿ ਸੂਬੇ ਖ਼ੈਬਰ ਪਖਤੂਨਖਵਾ ਤੋਂ ਹੀ ਤਿੰਨ ਮਾਰਚ ਨੂੰ ਸੈਨੇਟ ਦੇ ਮੈਂਬਰ ਚੁਣੇ ਗਏ ਸਨ। ਉਨ੍ਹਾਂ ਨੇ ਘੱਟ ਗਿਣਤੀ ਸੀਟ ‘ਤੇ ਹੋਈ ਚੋਣ ‘ਚ ਆਪਣੇ ਵਿਰੋਧੀ ਨੂੰ ਵੱਡੇ ਅੰਤਰ ਨਾਲ ਹਰਾਇਆ।
ਸੈਨੇਟ ਦੀ ਚੋਣ ‘ਚ ਗੁਰਦੀਪ ਸਿੰਘ ਨੂੰ 145 ਚੋਂ 103 ਵੋਟ ਮਿਲੇ ਜਦਕਿ ਉਨ੍ਹਾਂ ਦੇ ਵਿਰੋਧੀ ਜਮੀਅਤ ਉਲੇਮਾ-ਏ-ਇਸਲਾਮ-ਐੱਫ ਦੇ ਉਮੀਦਵਾਰ ਰਣਜੀਤ ਸਿੰਘ ਨੂੰ ਸਿਰਫ਼ 25 ਵੋਟਾਂ ਮਿਲੀਆਂ। ਗੁਰਦੀਪ ਸਿੰਘ ਨਾਲ ਸੈਨੇਟ ‘ਚ ਚੁਣੇ ਗਏ 47 ਮੈਂਬਰਾਂ ਨੇ ਸਹੁੰ ਚੁੱਕੀ। ਗੁਰਦੀਪ ਸਿੰਘ 2021 ਤੋਂ 2027 ਤਕ ਲਈ ਸੈਨੇਟ ‘ਚ ਮੈਂਬਰ ਚੁਣੇ ਗਏ ਹਨ।
ਸਹੁੰ ਚੁੱਕਣ ਪਿੱਛੋਂ ਗੁਰਦੀਪ ਸਿੰਘ ਨੇ ਕਿਹਾ ਕਿ ਉਹ ਘੱਟ ਗਿਣਤੀ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰਨਗੇ। ਸੈਨੇਟ ਦਾ ਮੈਂਬਰ ਹੋਣ ਪਿੱਛੋਂ ਉਨ੍ਹਾਂ ਨੂੰ ਆਪਣੇ ਭਾਈਚਾਰੇ ‘ਚ ਹੋਰ ਬਿਹਤਰ ਤਰੀਕੇ ਨਾਲ ਕੰਮ ਕਰਨ ‘ਚ ਮਦਦ ਮਿਲੇਗੀ।