ਕੈਲੀਫੋਰਨੀਆ ਟਰੱਕ ਹਾਦਸਾ: ਪਰਿਵਾਰ ਨੇ ਕਿਹਾ ਸਾਡਾ ਪੁੱਤ ਅੰਮ੍ਰਿਤਧਾਰੀ, ਨਸ਼ੇ ‘ਚ ਹੋਣ ਦੇ ਦੋਸ਼ ਗਲਤ

Global Team
3 Min Read

ਵਾਸ਼ਿੰਗਟਨ: ਅਮਰੀਕਾ ‘ਚ ਵਾਪਰੇ ਇੱਕ ਦਰਦਨਾਕ ਟਰੱਕ ਹਾਦਸੇ ‘ਚ ਦੋਸ਼ੀ ਠਹਿਰਾਏ ਗਏ ਭਾਰਤੀ ਮੂਲ ਦੇ 22 ਸਾਲਾ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਦੇ ਪਰਿਵਾਰ ਨੇ ਇਹ ਸਾਰੇ ਦੋਸ਼ ਗਲਤ ਦੱਸੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਜਸ਼ਨਪ੍ਰੀਤ ਇੱਕ ਅੰਮ੍ਰਿਤਧਾਰੀ ਸਿੱਖ ਹੈ ਜੋ ਕਦੇ ਵੀ ਨਸ਼ਾ ਨਹੀਂ ਕਰਦਾ।

ਮੰਗਲਵਾਰ ਨੂੰ ਦੱਖਣੀ ਕੈਲੀਫੋਰਨੀਆ (Southern California) ਵਿੱਚ ਜਸ਼ਨਪ੍ਰੀਤ ਦੇ ਟਰੱਕ ਨੇ ਹੌਲੀ ਚੱਲ ਰਹੀਆਂ ਗੱਡੀਆਂ ਨੂੰ ਟੱਕਰ ਮਾਰੀ, ਜਿਸ ਨਾਲ 3 ਲੋਕਾਂ ਦੀ ਮੌਤ ਤੇ ਕਈ ਜ਼ਖਮੀ ਹੋਏ। ਪੁਲਿਸ ਦਾ ਕਹਿਣਾ ਸੀ ਕਿ ਜਸ਼ਨਪ੍ਰੀਤ ਨੇ ਬ੍ਰੇਕ ਨਹੀਂ ਲਗਾਈਆਂ ਤੇ ਉਹ ਨਸ਼ੇ ਦੀ ਹਾਲਤ ਵਿੱਚ ਸੀ।

ਪਰ ਜਸ਼ਨਪ੍ਰੀਤ ਦੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਪਿੰਡ ਵਿੱਚ ਰਹਿੰਦੇ ਪਰਿਵਾਰ ਨੇ ਇਹ ਸਾਰੇ ਦੋਸ਼ ਰੱਦ ਕਰ ਦਿੱਤੇ ਹਨ। ਉਸਦੇ ਪਿਤਾ ਰਵਿੰਦਰ ਸਿੰਘ, ਜੋ ਖੁਦ ਸਕੂਲ ਬੱਸ ਡਰਾਈਵਰ ਹਨ, ਨੇ ਕਿਹਾ, ‘ਮੇਰਾ ਪੁੱਤ ਅਮ੍ਰਿਤਧਾਰੀ ਸਿੱਖ ਹੈ, ਉਸ ਨੇ ਕਦੇ ਨਸ਼ਾ ਨਹੀਂ ਕੀਤਾ। ਇਹ ਹਾਦਸਾ ਦੁੱਖਦਾਈ ਹੈ ਪਰ ਜਾਣਬੁੱਝ ਕੇ ਨਹੀਂ ਕੀਤਾ।’

ਰਵਿੰਦਰ ਸਿੰਘ ਨੇ ਮਾਰੇ ਗਏ ਪਰਿਵਾਰਾਂ ਪ੍ਰਤੀ ਦੁੱਖ ਪ੍ਰਗਟ ਕੀਤਾ, ਨਾਲ ਹੀ ਕੇਂਦਰ ਸਰਕਾਰ, ਅਕਾਲ ਤਖ਼ਤ ਅਤੇ ਐਸਜੀਪੀਸੀ (SGPC) ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੇ ਪੁੱਤ ਲਈ ਇਨਸਾਫ਼ ਤੇ ਸਹਿਯੋਗ ਦੇਣ।

ਜਦੋਂ ਜਸ਼ਨਪ੍ਰੀਤ ਦੀ ਗਿਰਫ਼ਤਾਰੀ ਦੀ ਖ਼ਬਰ ਆਈ, ਪਿੰਡ ਦੇ ਲੋਕ ਉਨ੍ਹਾਂ ਦੇ ਘਰ ਇਕੱਠੇ ਹੋ ਗਏ ਤੇ ਪਰਿਵਾਰ ਨਾਲ ਏਕਜੁੱਟਤਾ ਦਿਖਾਈ। ਜਸ਼ਨਪ੍ਰੀਤ ਮਾਂ ਜਸਵੀਰ ਕੌਰ ਨੇ ਅੱਖਾਂ ਭਰ ਕੇ ਬੇਨਤੀ ਕੀਤੀ, ‘ਕਿਸੇ ਤਰ੍ਹਾਂ ਮੇਰੇ ਪੁੱਤ ਨੂੰ ਬਚਾ ਲਓ… ਉਹ ਕਿਸੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦਾ ਸੀ, ਸਿਰਫ਼ ਸਾਡਾ ਭਵਿੱਖ ਬਣਾਉਣ ਗਿਆ ਸੀ।’

ਰਿਸ਼ਤੇਦਾਰਾਂ ਨੇ ਦੱਸਿਆ ਕਿ ਜਸ਼ਨਪ੍ਰੀਤ ਨੇ ਅਮਰੀਕਾ ਜਾਣ ਲਈ ‘ਡੰਕੀ ਰੂਟ’ (ਗੈਰਕਾਨੂੰਨੀ ਰਾਹ) ਲਿਆ ਸੀ। ਮਾਮੇ ਗੁਰਬਖ਼ਸ਼ ਸਿੰਘ ਨੇ ਕਿਹਾ ਕਿ ਪਰਿਵਾਰ ਨੇ ਘਰ ਤੇ ਵਿਦੇਸ਼ ਭੇਜਣ ਲਈ ਕਰੀਬ 40 ਲੱਖ ਰੁਪਏ ਕ਼ਰਜ਼ ਲਏ ਸਨ।

ਜ਼ਿਕਰਯੋਗ ਹੈ ਕਿ ਅਗਸਤ ਤੋਂ ਬਾਅਦ ਇਹ ਅਜਿਹੀ ਦੂਜੀ ਘਟਨਾ ਹੈ ਜਿਸ ਵਿੱਚ ਅਮਰੀਕਾ ਵਿੱਚ ਇੱਕ ਭਿਆਨਕ ਹਾਦਸੇ ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ‘ਤੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ 12 ਅਗਸਤ ਨੂੰ, 28 ਸਾਲਾ ਹਰਜਿੰਦਰ ਸਿੰਘ ਨੇ ਫਲੋਰੀਡਾ ਵਿੱਚ ਕਥਿਤ ਤੌਰ ‘ਤੇ ਆਪਣੇ ਟਰੈਕਟਰ-ਟ੍ਰੇਲਰ ਨੂੰ ਗਲਤ ਤਰੀਕੇ ਨਾਲ ਮੋੜ ਦਿੱਤਾ ਸੀ, ਜਿਸ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਤੋਂ ਬਾਅਦ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਟਰੱਕ ਡਰਾਈਵਰਾਂ ਨੂੰ ਵੀਜ਼ਾ ਜਾਰੀ ਕਰਨ ‘ਤੇ ਪਾਬੰਦੀ ਦਾ ਐਲਾਨ ਕੀਤਾ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment