ਬੱਤੀ ਬਣਾ ਕੇ ਲੈ ਲੈ ਵਾਲੀ ਟਿੱਪਣੀ ‘ਤੇ ਗੁਰਦਾਸ ਮਾਨ ਨੇ ਸਟੇਜ਼ ‘ਤੇ ਖਲ੍ਹੋ ਕੇ ਮੰਗੀ ਮਾਫੀ, ਕਿਹਾ ਜੋ ਕਿਹਾ ਉਹ ਮੇਰੇ ਵੱਸ ਵਿੱਚ ਨਹੀਂ ਸੀ, ਮਾਫੀ ਮੰਗਦਾ ਹਾਂ

TeamGlobalPunjab
5 Min Read

ਚੰਡੀਗੜ੍ਹ : ‘ਮਰ ਜਾਣੇ ਮਾਨ’ ਤੋਂ ‘ਬੱਤੀ ਬਣਾ ਕੇ ਲੈ ਲਾ’ ਵਾਲੇ ਨਾਂ ਨਾਲ ਮਸ਼ਹੂਰ ਹੋਏ ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੇ ਆਖ਼ਰਕਾਰ ਆਪਣੀ ਉਸ ਜਨਤਕ ਟਿੱਪਣੀ ਲਈ ਮਾਫੀ ਮੰਗ ਹੀ ਲਈ ਹੈ ਜਿਸ ਲਈ ਮਾਨ ਦੀ ਦੁਨੀਆਂ ਭਰ ਵਿੱਚ ਬਦਨਾਮੀ ਹੋਈ ਸੀ।  ਹੁਣ ਇਹ ਮਾਫੀ ਗੁਰਦਾਸ ਮਾਨ ਨੇ ਚਾਰੋਂ ਪਾਸੋਂ ਫਸ ਜਾਣ ਤੋਂ ਬਾਅਦ ਮੰਗੀ ਹੈ ਜਾਂ ਫਿਰ ਰੱਬ ਵੱਲੋਂ ਹੀ ਉਨ੍ਹਾਂ ਨੂੰ ਸੋਝੀ ਆ ਗਈ ਹੈ ਇਸ ਬਾਰੇ ਤਾਂ ਮਾਨ ਹੀ ਜਿਆਦਾ ਦੱਸ ਸਕਦੇ ਹਨ ਪਰ ਇੰਨਾ ਜਰੂਰ ਕਿਹਾ ਜਾ ਰਿਹਾ ਹੈ ਕਿ ਇਸ ਮਾਫੀ ਤੋਂ ਬਾਅਦ ਲੋਕਾਂ ਦਾ ਗੁੱਸਾ ਕਿਸੇ ਹੱਦ ਤੱਕ ਸ਼ਾਂਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਸਟੇਜ਼ ਤੋਂ ਸ਼ਰੇਆਮ ਕੀਤੀ ਗਈ ਅਭੱਧਰ ਟਿੱਪਣੀ ਲਈ ਬਦਨਾਮੀ ਹੋਣ ਤੋਂ ਬਾਅਦ ਆਖ਼ਰਕਾਰ ਮਾਨ ਨੂੰ ਇਸ ਦੀ ਮਾਫੀ ਵੀ ਸ਼ਰੇਆਮ ਸਟੇਜ਼ ‘ਤੇ ਖਲ੍ਹੋ ਕੇ ਮੰਗਣੀ ਪਈ ਹੈ। ਜਿਸ ਦੀ ਵੀਡੀਓ ਚਾਰੇ ਪਾਸੇ ਖੂਬ ਵਾਇਰਲ ਹੋ ਰਹੀ ਹੈ।

ਦਰਅਸਲ ਮਾਨ ਦੀ ਵਾਇਰਲ ਹੋਈ ਵੀਡੀਓ ਵਿੱਚ ਬੋਲਦਿਆਂ ਉਨ੍ਹਾਂ ਇਹ ਤਾਂ ਸਾਫ ਨਹੀਂ ਕੀਤਾ ਕਿ ਉਹ ਇਹ ਮਾਫੀ ਕਿਸ ਗੱਲ ਲਈ ਮੰਗ ਰਹੇ ਹਨ ਪਰ ਉਨ੍ਹਾਂ ਜੋ ਕੁਝ ਕਿਹਾ ਉਹ ਇੰਝ ਸੀ ਕਿ, “ਬੀਤੇ ਦਿਨੀਂ ਜਿਸ ਤੋਂ ਵੀ ਹੋਇਆ ਜਿਸ ਤਰ੍ਹਾਂ ਦਾ ਵੀ ਹੋਇਆ ਜਿਸ ਤਰ੍ਹਾਂ ਦਾ ਵੀ ਮਾਹੌਲ ਬਣਿਆ ਰਿਹਾ ਉਸ ਲਈ ਮੈਂ ਮਾਫੀ ਮੰਗਦਾ ਹਾਂ ਪਰ ਇਹ ਪਤਾ ਕੀ ਹੈ ਕਿ ਇਹ ਕਿਸੇ ਦੇ ਵੱਸ ‘ਚ ਨਹੀਂ ਹੁੰਦਾ ਤੇ ਜੇ ਚੀਜਾਂ ਵੱਸ ‘ਚ ਹੁੰਦੀਆਂ ਤਾਂ ਨਾ ਉਨ੍ਹਾਂ ਨੇ ਕਰਨਾ ਸੀ ਤੇ ਨਾ ਮੈਂ ਬੋਲਣਾ ਸੀ।“

ਦੱਸ ਦਈਏ ਕਿ ਬੀਤੇ ਦਿਨੀਂ ਕੈਨੇਡਾ ਗਏ ਮਾਨ ਨੇ ਇੱਕ ਰੇਡੀਓ ਇੰਟਰਵਿਊ ਦੌਰਾਨ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਜਦੋਂ ਹਿੰਦੀ ਦੇ ਹੱਕ ਵਿੱਚ ਬੋਲਦਿਆਂ ਇਹ ਕਿਹਾ ਸੀ ਕਿ ਜੇਕਰ ਮਾਂ ਦਾ ਸਤਿਕਾਰ ਕਰਦੇ ਹੋ ਤਾਂ ਮਾਸੀ ਦਾ ਵੀ ਕਰਨਾ ਚਾਹੀਦਾ ਹੈ। ਕਹਿਣ ਤੋਂ ਭਾਵ ਜੇਕਰ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਦੇ ਹੋਂ ਤਾਂ ਹਿੰਦੀ ਯਾਨੀ ਮਾਸੀ ਦਾ ਵੀ ਸਤਿਕਾਰ ਕਰਨਾ ਬਣਦਾ ਹੈ। ਦੇਖਣ ਨੂੰ ਪਹਿਲੀ ਨਜ਼ਰੇ ਇਹ ਟਿੱਪਣੀ ਬਣੀ ਸਾਧਾਰਨ ਸੀ ਤੇ ਕੁਝ ਸੂਝਬਾਨ ਵਿਅਕਤੀਆਂ ਨੇ ਇਹ ਟਿੱਪਣੀ ਵੇਖ, ਸੁਣ ਕੇ ਇਸ ਦੇ ਸਮਰਥਨ ਵਿੱਚ ਦਿਮਾਗ ਅੰਦਰ ਸਿਰ ਹਿਲਾਉਂਦਿਆਂ ਟਿੱਪਣੀ ਨੂੰ ਲਗਭਗ ਕਬੂਲ ਕਰ ਲਿਆ। ਪਰ ਉਨ੍ਹਾਂ ਲੋਕਾਂ ਦੀ ਹੈਰਾਨੀ ਦਾ ਟਿਕਾਣਾ ਉਦੋਂ ਨਹੀਂ ਰਿਹਾ ਜਦੋਂ ਕੁਝ ਘੰਟਿਆਂ ਬਾਅਦ ਹੀ ਮਾਨ ਖਿਲਾਫ ਗੱਦਾਰ, ਤੇ ਹੋਰ ਬੜਾ ਕੁਝ ਲਿਖ ਕੇ ਪੋਸਟਰ ਹੱਥ ਵਿੱਚ ਫੜੀ ਉਸ ਜਗ੍ਹਾ ਸੜਕਾਂ ‘ਤੇ ਉਤਰ ਆਏ ਜਿੱਥੇ ਮਾਨ ਦਾ ਕੈਨੇਡਾ ਅੰਦਰ ਸਟੇਜ਼ ਸ਼ੋਅ ਹੋ ਰਿਹਾ ਸੀ। ਜਿੱਥੇ  ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਖਿਲਾਫ ਦੱਬ ਕੇ ਭੜਾਸ ਕੱਢਦਿਆਂ ਵਿਸ਼ਵ ਪੰਜਾਬੀ ਭਾਈਚਾਰੇ ਨੂੰ ਮਾਨ ਦਾ ਪੁਰਜੋਰ ਵਿਰੋਧ ਕਰਨ ਦਾ ਸੱਦਾ ਦੇ ਦਿੱਤਾ।

ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਹੱਥਾਂ ਵਿੱਚ ਪੋਸਟਰ ਫੜੀ ਉਸ ਸਟੇਜ਼ ਦੇ ਸਾਹਮਣੇ ਜਾ ਖਲ੍ਹੋਤੇ ਜਿੱਥੇ ਮਾਨ ਆਪਣੇ ਚਾਹੁਣ ਵਾਲਿਆਂ ਅੱਗੇ ਪ੍ਰੋਗਰਾਮ ਪੇਸ਼ ਕਰ ਰਿਹਾ ਸੀ। ਗਾਉਂਦੇ ਗਾਉਂਦੇ ਮਾਨ ਦਾ ਧਿਆਨ ਹੱਥ ‘ਚ ਪੋਸਟਰ ਫੜ ਕੇ ਉਸ ਦਾ ਵਿਰੋਧ ਕਰਦੇ ਵਿਅਕਤੀ ‘ਤੇ ਪੈ ਗਿਆ ਤੇ ਉਸ ਨੇ ਪੋਸਟਰ ਵਾਲੇ ਵਿਅਕਤੀ ਨੂੰ ਪੋਸਟਰ ਮੋੜ ਕੇ ਉਸ ਦੀ ਬੱਤੀ ਬਣਾ ਕੇ ਲੈਣ ਵਰਗੀ ਅਭੱਧਰ ਟਿੱਪਣੀ ਕਰ ਦਿੱਤੀ। ਮਾਨ ਦੀ ਇਸ ਟਿੱਪਣੀ ਨੂੰ ਸਟੇਜ਼ ਦੇ ਸਾਹਮਣੇ ਬੈਠੇ ਲੋਕਾਂ ਨੇ ਆਪਣੇ ਫੋਨ ਕੈਮਰੇ ਵਿੱਚ ਰਿਕਾਰਡ ਕਰ ਲਿਆ ਤੇ ਉਹ ਵੀਡੀਓ ਮਿੰਟਾ ਸਕਿੰਟਾਂ ਵਿੱਚ ਦੁਨੀਆਂ ਭਰ ‘ਚ ਬੈਠੇ ਕਿੰਨੇ ਪੰਜਾਬੀਆਂ ਕੋਲ ਪਹੁੰਚ ਗਈ ਇਹ ਗਿਣਤੀ ਕਰਨੀ ਵੀ ਔਖੀ ਹੋ ਗਈ।

- Advertisement -

ਇੱਥੋਂ ਸ਼ੁਰੂ ਹੋਏ ਮਾਨ ਦੀ ਬਦਨਾਮੀ ਦੇ ਸਫਰ ਨੇ ਆਪਣਾ ਅਗਲਾ ਪੜ੍ਹਾਅ ਉਦੋਂ ਤੈਅ ਕੀਤਾ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਵੀ ਗੁਰਦਾਸ ਮਾਨ ਦੇ ਹਿੰਦੀ ਪ੍ਰੇਮ ਵਾਲੀ ਟਿੱਪਣੀ ਤੋਂ ਬਾਅਦ ਗੁਰਦੁਆਰਾ ਬੇਰ ਸਾਹਿਬ ਦੇ ਮੈਨੇਜ਼ਰ ਵੱਲੋਂ ਉਨ੍ਹਾਂ ਨੂੰ ਸਰੋਪਾ ਭੇਂਟ ਕਰਨ ‘ਤੇ ਉਸ ਮੈਨੇਜ਼ਰ ਦੀ ਇੰਨਕੁਆਰੀ ਖੋਲ੍ਹ ਦਿੱਤੀ। ਜਿਸ ਤੋਂ ਬਾਅਦ ਹੁਣ ਇਹ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਗੁਰਦਾਸ ਮਾਨ ਬੱਤੀ ਬਣਾ ਕੇ ਲੈ ਲੈ ਵਾਲੀ ਟਿੱਪਣੀ ‘ਤੇ ਤਾਂ ਮਾਫੀ ਮੰਗਦੇ ਦਿਖਾਈ ਦੇ ਰਹੇ ਹਨ ਪਰ ਹਿੰਦੀ ਨੂੰ ਮਾਸੀ ਕਹਿ ਕੇ ਉਸ ਨੂੰ ਇੱਕ ਰਾਸ਼ਟਰ ਦੀ ਭਾਸ਼ਾ ਵਾਲੀ ਆਪਣੀ ਟਿੱਪਣੀ ‘ਤੇ ਅਜੇ ਵੀ ਖਾਮੋਸ਼ ਹਨ।

Share this Article
Leave a comment