24 ਜੂਨ ਨੂੰ ਪ੍ਰਧਾਨ ਮੰਤਰੀ ਨਾਲ ਹੋਣ ਵਾਲੀ ਬੈਠਕ ‘ਚ ਸ਼ਾਮਲ ਹੋਵੇਗਾ ‘ਗੁਪਕਾਰ ਗਠਜੋੜ’

TeamGlobalPunjab
2 Min Read

ਸ੍ਰੀਨਗਰ : ਪ੍ਰਧਾਨਮੰਤਰੀ ਦੀ ਅਗਵਾਈ ਵਾਲੀ ਬੈਠਕ ਦਾ ਬਾਈਕਾਟ ਦਾ ਐਲਾਨ ਕਰਨ ਵਾਲਾ ਕਸ਼ਮੀਰੀ ਸਿਆਸੀ ਪਾਰਟੀਆਂ ਦਾ ਗਰੁੱਪ ਹੁਣ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਹੋ ਗਿਆ ਹੈ।  ਅਨੇਕਾਂ ਕਿਆਸ ਅਰਾਈਆਂ ਵਿਚਾਲੇ ਮੰਗਲਵਾਰ ਨੂੰ ਪੀਪਲਜ਼ ਅਲਾਇੰਸ ਫਾਰ ਗੁਪਕਾਰ ਡਿਕਲੇਰੇਸ਼ਨ (ਪੀਏਜੀਡੀ) ਦੀਆਂ ਭਾਈਵਾਲ ਪਾਰਟੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ‘ਤੇ 24 ਜੂਨ ਨੂੰ ਹੋਣ ਵਾਲੀ ਬੈਠਕ ‘ਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ।

ਹਾਲਾਂਕਿ, ਪੀਪਲਜ਼ ਅਲਾਇੰਸ ਦੇ ਭਾਈਵਾਲ ਪੀਏਜੀਡੀ ਦੀ ਨਹੀਂ ਬਲਕਿ ਆਪੋ-ਆਪਣੀ ਪਾਰਟੀ ਦੀ ਹੀ ਨੁਮਾਇੰਦਗੀ ਕਰਨਗੇ, ਕਿਉਂਕਿ ਸਾਰਿਆਂ ਨੂੰ ਅਲੱਗ-ਅਲੱਗ ਸੱਦਾ ਮਿਲਿਆ ਹੈ। ਇਨ੍ਹਾਂ ਪਾਰਟੀਆਂ ਦਾ ਕਹਿਣਾ ਹੈ ਕਿ ਉਹ ਪੰਜ ਅਗਸਤ 2019 ਤੋਂ ਪਹਿਲਾਂ ਦੀ ਸੰਵਿਧਾਨਕ ਸਥਿਤੀ ਦੀ ਬਹਾਲੀ ਦਾ ਮੁੱਦਾ ਉਠਾਉਣਗੇ। ਨਾਲ ਹੀ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ‘ਤੇ ਵੀ ਜ਼ੋਰ ਰਹੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਵਾਸ ‘ਤੇ ਹੋਣ ਵਾਲੀ ਬੈਠਕ ‘ਚ ਪੀਏਜੀਡੀ ਨੂੰ ਨਹੀਂ ਸੱਦਿਆ ਗਿਆ ਪਰ ਨੈਸ਼ਨਲ ਕਾਨਫਰੰਸ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਤੇ ਸੀਪੀਐੱਮ ਤਿੰਨੇ ਹੀ ਇਸ ਦੇ ਮੁੱਖ ਭਾਈਵਾਲ ਹਨ। ਨੈਕਾਂ ਵੱਲੋਂ ਡਾ. ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ, ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਵੱਲੋਂ ਮਹਿਬੂਬਾ ਮੁਫਤੀ ਤੇ ਸੀਪੀਐੱਮ ਦੇ ਮੁਹੰਮਦ ਯੂਸਫ ਤਾਰੀਗਾਮੀ ਨੂੰ ਸੱਦਿਆ ਗਿਆ ਹੈ। ਨੈਕਾਂ ਤੇ ਪੀਡੀਪੀ ਨੇ ਇਸ ਮੁੱਦੇ ‘ਤੇ ਪਹਿਲਾਂ ਹੀ ਸੰਗਠਨਾਤਮਕ ਬੈਠਕ ਕੀਤੀ ਹੈ ਤੇ ਆਖ਼ਰੀ ਫ਼ੈਸਲਾ ਪੀਏਜੀਡੀ ਦੀ ਬੈਠਕ ‘ਤੇ ਛੱਡ ਦਿੱਤਾ ਸੀ।

ਮੰਗਲਵਾਰ ਨੂੰ ਡਾ. ਫਾਰੂਕ ਅਬਦੁੱਲਾ ਦੇ ਨਿਵਾਸ ‘ਤੇ ਲਗਪਗ ਇਕ ਘੰਟੇ ਤਕ ਜਾਰੀ ਰਹੀ ਇਸ ਬੈਠਕ ‘ਚ ਉਮਰ ਅਬਦੁੱਲਾ, ਅਵਾਮੀ ਨੈਸ਼ਨਲ ਕਾਨਫਰੰਸ ਦੇ ਮੁਜ਼ੱਫਰ ਅਹਿਮਦ ਸ਼ਾਹ, ਪੀਪਲਜ਼ ਮੂਵਮੈਂਟ ਦੇ ਜਾਵੇਦ ਮੁਸਤਫਾ ਮੀਰ, ਪੀਡੀਪੀ ਦੇ ਪ੍ਰਧਾਨ ਮਹਿਬੂਬਾ ਮੁਫਤੀ ਤੇ ਸੀਪੀਐੱਮ ਆਗੂ ਮੁਹੰਮਦ ਯੂਸਫ ਤਾਰੀਗਾਮੀ ਨੇ ਹਿੱਸਾ ਲਿਆ।

Share This Article
Leave a Comment