ਗੁਲਜ਼ਾਰ ਸਿੰਘ ਦੀ ਮੌਤ ਦਾ ਮਾਮਲਾ: SIT ਕਰੇਗੀ ਜਾਂਚ, 4 ਗ੍ਰਿਫ਼ਤਾਰ

Global Team
3 Min Read

ਚੰਡੀਗੜ੍ਹ: ਪਿੰਡ ਤੂਰਬੰਜਾਰਾ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਮਾਗਮ ਦੌਰਾਨ ਨਸ਼ੇ ਦਾ ਮੁੱਦਾ ਚੁੱਕਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ ਦੀ ਮੌਤ ਹੋ ਗਈ ਹੈ। ਕਥਿਤ ਧਮਕੀ ਮਿਲਣ ਤੋਂ ਬਾਅਦ ਸਲਫਾਸ ਨਿਗਲਣ ਵਾਲੇ ਗੁਲਜ਼ਾਰ ਸਿੰਘ ਨੇ   ਲੁਧਿਆਣਾ ਦੇ ਡੀਐੱਮਸੀ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਪਰਿਵਾਰ ਨਾਲ ਪ੍ਰਸ਼ਾਸਨ ਵੱਲੋਂ ਕੀਤੇ ਵਾਅਦਿਆਂ ਤੋਂ ਬਾਅਦ ਬੀਤੀ ਦੇਰ  ਸ਼ਾਮ ਉਨ੍ਹਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਰਿਵਾਰ ਨੂੰ ਲਿਖਤੀ ਤੌਰ ’ਤੇ ਮ੍ਰਿਤਕ ਦੇ ਇੱਕ ਪੁੱਤਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

ਪੰਜ ਖ਼ਿਲਾਫ਼ ਕੇਸ, ਚਾਰ ਗ੍ਰਿਫ਼ਤਾਰ

ਪੁਲੀਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਪੰਜ ਵਿਅਕਤੀਆਂ ਖ਼ਿਲਾਫ਼ ਐੱਸਸੀ-ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਲਈ ਏਡੀਜੀਪੀ ਨੌਨਿਹਾਲ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਬਣਾਈ ਗਈ ਹੈ।

ਸਮਾਗਮ ’ਚ ਚੁੱਕਿਆ ਸੀ ਨਸ਼ੇ ਦਾ ਮੁੱਦਾ

ਦੋ ਦਿਨ ਪਹਿਲਾਂ ਤੂਰਬੰਜਾਰਾ ਵਿੱਚ ਵਿੱਤ ਮੰਤਰੀ ਦੇ ਸਮਾਗਮ ਦੌਰਾਨ ਗੁਲਜ਼ਾਰ ਸਿੰਘ ਨੇ ਪਿੰਡ ਵਿੱਚ ਕਥਿਤ ਤੌਰ ’ਤੇ ਸ਼ਰੇਆਮ ਨਸ਼ਾ ਵਿਕਣ ਦਾ ਮੁੱਦਾ ਚੁੱਕਿਆ ਸੀ। ਉਸ ਨੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਦੱਸਿਆ ਸੀ ਕਿ ਉਸ ਦਾ ਪੁੱਤਰ ਵੀ ਨਸ਼ੇ ਦੀ ਲਤ ਵਿੱਚ ਫਸਿਆ ਹੋਇਆ ਹੈ।

ਇਸ ਤੋਂ ਬਾਅਦ ਉਸ ਨੂੰ ਕਥਿਤ ਤੌਰ ’ਤੇ ਧਮਕੀਆਂ ਮਿਲਣ ਦਾ ਦੋਸ਼ ਲਾਇਆ ਗਿਆ। ਜ਼ਹਿਰੀਲੀ ਵਸਤੂ ਨਿਗਲਣ ਤੋਂ ਬਾਅਦ ਉਸ ਨੇ ਮੀਡੀਆ ਸਾਹਮਣੇ ਵੀ ਕਿਹਾ ਸੀ ਕਿ ਧਮਕੀਆਂ ਕਾਰਨ ਉਸ ਨੇ ਇਹ ਕਦਮ ਚੁੱਕਿਆ।

ਪਿੰਡ ’ਚ ਸੋਗ, ਸੁਰੱਖਿਆ ਵਧਾਈ

ਗੁਲਜ਼ਾਰ ਸਿੰਘ ਦੀ ਦੇਹ ਪਿੰਡ ਪਹੁੰਚਣ ’ਤੇ ਮਾਹੌਲ ਗਮਗੀਨ ਹੋ ਗਿਆ ਅਤੇ ਪੂਰੇ ਪਿੰਡ ਵਿੱਚ ਭਾਰੀ ਪੁਲੀਸ ਤਾਇਨਾਤ ਕੀਤੀ ਗਈ। ਸੰਗਰੂਰ ਦੇ ਸਿਵਲ ਹਸਪਤਾਲ ਵਿੱਚ ਵੀ ਪੁਲੀਸ ਪਹਿਰੇ ਹੇਠ ਪੋਸਟਮਾਰਟਮ ਕੀਤਾ ਗਿਆ। ਪਰਿਵਾਰ ਦੀਆਂ ਮੰਗਾਂ ’ਤੇ ਸਹਿਮਤੀ ਬਣਨ ਮਗਰੋਂ ਹੀ ਪੋਸਟਮਾਰਟਮ ਕਰਵਾਇਆ ਗਿਆ।

ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਮੁਲਾਕਾਤ ਕਰਕੇ ਹਮਦਰਦੀ ਪ੍ਰਗਟ ਕੀਤੀ। ਕੁਝ ਆਗੂਆਂ ਨੇ ਮਾਮਲੇ ਵਿੱਚ ਮੰਤਰੀ ਨੂੰ ਵੀ ਨਾਮਜ਼ਦ ਕਰਨ ਦੀ ਮੰਗ ਕੀਤੀ।

SC ਕਮਿਸ਼ਨ ਨੇ ਮੰਗੀ ਰਿਪੋਰਟ

ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਵੀ ਮਾਮਲੇ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਅਤੇ DGP ਤੋਂ ਪੰਜ ਦਿਨਾਂ ਅੰਦਰ ਵਿਸਥਾਰਤ ਰਿਪੋਰਟ ਮੰਗੀ ਹੈ। ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਘਟਨਾ ਨੂੰ ਗੰਭੀਰ ਅਤੇ ਸੰਵੇਦਨਸ਼ੀਲ ਦੱਸਦਿਆਂ ਨਿਰਪੱਖ ਜਾਂਚ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਖ਼ੁਦ 10 ਸਤੰਬਰ ਨੂੰ ਸੰਗਰੂਰ ਦਾ ਦੌਰਾ ਕਰਕੇ ਮਾਮਲੇ ਦੀ ਜਾਂਚ ਕਰਨਗੇ।

Share This Article
Leave a Comment