ਬਟਾਲਾ ਫੈਕਟਰੀ ਧਮਾਕੇ ਤੋਂ ਬਾਅਦ ਜਾਗੀ ਸਰਕਾਰ, ਪਟਾਕੇ ਬਣਾਉਣ ਵਾਲੀਆਂ 31ਗੈਰ-ਕਨੂੰਨੀ ਫੈਕਟਰੀਆਂ ਸੀਲ, 3 ਗ੍ਰਿਫਤਾਰ, ਰੰਧਾਵਾ ਦੀ ਚੇਤਾਵਨੀ, ਜਿੰਮੇਵਾਰ ਅਧਿਕਾਰੀਆਂ ਨੂੰ ਠੋਕਾਂਗਾ ਜਰੂਰ

TeamGlobalPunjab
5 Min Read

[alg_back_button]

ਬਟਾਲਾ : ਇੰਝ ਜਾਪਦਾ ਹੈ ਜਿਵੇਂ ਬਟਾਲਾ ‘ਚ ਪਟਾਕਾ ਫੈਕਟਰੀ ਅੰਦਰ ਹੋਏ ਧਮਾਕੇ ਦੌਰਾਨ 24 ਬੰਦਿਆਂ ਦੇ ਮਾਰੇ ਜਾਣ ਅਤੇ 7 ਬੰਦਿਆਂ ਜ਼ਖਮੀ ਹੋਣ ਤੋਂ ਬਾਅਦ ਸਰਕਾਰ ਅਤੇ ਪ੍ਰਸ਼ਾਸਨ ਦੀ ਨੀਂਦ ਖੁੱਲ੍ਹ ਗਈ ਹੈ ਤੇ ਇਸ ਮਾਮਲੇ ਵਿੱਚ ਨਾ ਸਿਰਫ ਉੱਚ ਪੱਧਰੀ ਜਾਂਚ ਕੀਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਬਲਕਿ ਬਟਾਲੇ ‘ਚ ਅਜਿਹੀਆਂ ਚੱਲ ਰਹੀਆਂ ਕੁੱਲ 35 ਫੈਕਟਰੀਆਂ ਵਿੱਚੋਂ ਰਾਤੋ ਰਾਤ 31 ਨੂੰ ਗੈਰ ਕਨੂੰਨੀ ਕਰਾਰ ਦੇ ਕੇ ਸੀਲ ਕਰ ਦਿੱਤਾ ਗਿਆ ਹੈ। ਇੱਥੇ ਹੀ ਬੱਸ ਨਹੀਂ ਇਨ੍ਹਾਂ ਫੈਕਟਰੀਆਂ ਵਿੱਚੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ। ਇਸ ਸਬੰਧ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਚੇਤਾਵਨੀ ਦਿੰਦਿਆਂ ਸੂਬੇ ਦੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਜਿਹੜਾ ਅਧਿਕਾਰੀ ਵੀ ਇਸ ਹਾਦਸੇ ਲਈ ਜਿੰਮੇਵਾਰ ਹੋਵੇਗਾ ਉਸ ਨੂੰ ਉਹ ਠੋਕਣਗੇ (ਕਾਰਵਾਈ ਕਰਨਗੇ) ਜਰੂਰ।

ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਇਹੋ ਜਿਹੇ 35 ਅਦਾਰੇ ਬਟਾਲਾ ਅੰਦਰ ਅਜੇ ਵੀ ਮੌਜੂਦ ਹਨ ਜਿੱਥੇ ਜਾਂ ਤਾਂ ਪਟਾਕੇ ਬਣਾਏ ਜਾ ਰਹੇ ਹਨ ਤਾਂ ਜਾਂ ਫਿਰ ਜਮ੍ਹਾਂ ਕੀਤੇ ਹੋਏ ਹਨ। ਰੰਧਾਵਾ ਅਨੁਸਾਰ ਇਨ੍ਹਾਂ ਵਿੱਚੋਂ ਕੁੱਲ 31 ਗੈਰ ਕਨੂੰਨੀ ਸਨ ਜਿਨ੍ਹਾਂ ਕੋਲ ਕੋਈ ਲਾਇਸੰਸ ਨਹੀਂ ਸੀ। ਜਿਨ੍ਹਾਂ ਸਾਰਿਆਂ ਨੂੰ ਲੰਘੀ ਰਾਤ ਸੀਲ ਕਰ ਦਿੱਤਾ ਗਿਆ ਹੈ। ਸੁਖਜਿੰਦਰ ਰੰਧਾਵਾ ਅਨੁਸਾਰ ਇਹ ਇੱਕ ਗੰਭੀਰ ਮਾਮਲਾ ਸੀ ਜਿਸ ਦੌਰਾਨ ਦੋ ਸਾਲਾਂ ਵਿੱਚ ਦੂਜੀ ਵਾਰ ਇਹ ਘਟਨਾ ਵਾਪਰੀ ਹੈ। ਲਿਹਾਜਾ ਉਹ ਇਸ ਗੱਲ ਦਾ ਪੂਰਾ ਧਿਆਨ ਰੱਖਣਗੇ ਕਿ ਜਿਹੜੇ ਲੋਕਾਂ ਨੇ ਅਜਿਹੀਆਂ ਗੈਰ ਕਨੂੰਨੀ ਗਤੀਵਿਧੀਆਂ ‘ਤੇ ਨਜ਼ਰ ਰੱਖਣੀ ਸੀ ਉਨ੍ਹਾਂ ਨੂੰ ਆਪਣੀਆਂ ਜਿੰਮੇਵਾਰੀਆਂ ਨਿਭਾਉਣ ਵਿੱਚ ਫੇਲ੍ਹ ਰਹਿਣ ‘ਤੇ ਸਜ਼ਾਵਾਂ ਦਿੱਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਉਹ ਪੰਜਾਬ ਦੀ ਜਨਤਾ ਨੂੰ ਭਰੋਸਾ ਦਵਾਉਣਾ ਚਾਹੁੰਦੇ ਹਨ ਕਿ ਉਹ ਅਜਿਹੇ ਅਧਿਕਾਰੀਆਂ ਦੇ ਖਿਲਾਫ ਮੁਜ਼ਰਮਾਨਾਂ ਕਾਰਵਾਈ ਜਰੂਰ ਕਰਵਾਉਣਗੇ।

ਸੁਖਜਿੰਦਰ ਸਿੰਘ ਰੰਧਾਵਾ ਅਨੁਸਾਰ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਇਸ ਹਾਦਸੇ ਵਿੱਚ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ ਉਹ ਉਨ੍ਹਾਂ ਨੂੰ ਕਹਿਣਾ  ਚਾਹੁੰਦੇ ਹਨ ਕਿ ਉਹ ਅਜਿਹਾ ਕੁਝ ਵੀ ਨਹੀਂ ਕਹਿ ਰਹੇ ਕਿ ਜਿਸ ਤੋਂ ਇਹ ਸਾਬਤ ਹੁੰਦਾ ਹੋਵੇ ਕਿ ਇਹ ਅਧਿਕਾਰੀ ਇਸ ਹਾਦਸੇ ਲਈ ਜਿੰਮੇਵਾਰ ਨਹੀਂ ਹਨ। ਪਰ ਇਸ ਦੇ ਨਾਲ ਹੀ ਉਹ ਇਹ ਜਰੂਰ ਕਹਿਣਗੇ ਕਿ ਜਨਤਾ ਨੇ ਵੀ ਇਸ ਦੇ ਖਿਲਾਫ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਕਿਉਂਕਿ ਇਸ ਫੈਕਟਰੀ ਦੇ ਆਸ ਪਾਸ ਬਹੁਤ ਸਾਰਾ ਰਿਹਾਇਸ਼ੀ ਇਲਾਕਾ ਹੈ ਜਿਨ੍ਹਾਂ ਵਿੱਚੋਂ ਕਿਸੇ ਨੇ ਵੀ ਫੈਕਟਰੀ ਮਾਲਕਾਂ ਵਿਰੁੱਧ ਸ਼ਿਕਾਇਤ ਦਰਜ ਨਹੀਂ ਕਰਵਾਈ। ਉਨ੍ਹਾਂ ਕਿਹਾ ਕਿ ਲੰਘੀ ਰਾਤ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਸਾਰੀਆਂ ਫਾਇਲਾ ਮੰਗਵਾ ਕੇ ਆਪ ਖੁਦ ਦੇਖੀਆਂ ਹਨ ਜਿਸ ਵਿੱਚ ਕੋਈ ਸ਼ਿਕਾਇਤ ਮਾਲਕਾਂ ਵਿਰੁੱਧ ਨਹੀਂ ਕੀਤੀ ਗਈ। ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਪੂਰੀ ਜਾਣਕਾਰੀ ਹੈ ਕਿ ਲੋਕ ਇਹ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਨੇ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਪਰ ਉਹ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦੇ ਹਨ ਕਿ ਅਜਿਹੀ ਕੋਈ ਵੀ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।

ਸੁਖਜਿੰਦਰ ਰੰਧਾਵਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਬੰਦਾ ਕਿਸੇ ਦੇ ਘਰ ਦੇ ਪਿੱਛੇ ਬੰਬ ਬਣਾ ਰਿਹਾ ਹੋਵੇ ਤੇ ਅੱਗੋਂ ਉਹ ਵਿਅਕਤੀ ਉਸ ਦੀ ਸ਼ਿਕਾਇਤ ਵੀ ਦਰਜ ਨਹੀਂ ਕਰਵਾਉਂਦਾ ਤਾਂ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਉਹ ਇਹ ਫਿਰ ਕਹਿੰਦੇ ਹਨ ਕਿ ਜਿਹੜੇ ਅਧਿਕਾਰੀ ਇਸ ਹਾਦਸੇ ਲਈ ਜਿੰਮੇਵਾਰ ਹਨ ਉਹ ਉਨ੍ਹਾਂ ਨੂੰ ਠੋਕਣਗੇ ਜਰੂਰ ਕਿਉਂਕਿ ਜੇਕਰ ਇਹ ਇਸ ਵਾਰ ਹੋ ਸਕਦਾ ਹੈ ਤਾਂ ਦੁਬਾਰਾ ਵੀ ਹੋ ਸਕਦਾ ਹੈ।

- Advertisement -

ਕੈਬਨਿਟ ਮੰਤਰੀ ਰੰਧਾਵਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਏਡੀਸੀ ਦਸ ਦਿਨਾਂ ਦੇ ਅੰਦਰ ਅੰਦਰ ਰਿਪੋਰਟ ਪੇਸ਼ ਕਰਨਗੇ, ਤੇ ਜਿਹੜੇ ਅਧਿਕਾਰੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੇ ਫੈਕਟਰੀ ਵਾਲਿਆਂ ਨੂੰ ਲਾਇਸੰਸ ਨਹੀਂ ਦਿੱਤਾ ਤੇ ਸਾਨੂੰ ਕਿਸੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਉਹ ਉਨ੍ਹਾਂ ਨੂੰ ਪੁੱਛਣਾ ਚਾਹੁੰਦੇ ਹਨ ਕਿ ਇਹ ਕਿਸ ਦੀ ਜਿੰਮੇਵਾਰੀ ਬਣਦੀ ਸੀ ਜੋ ਇਹ ਚੈਕ ਕਰਦਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਤੇ ਕੋਈ ਗੈਰ ਕਨੂੰਨੀ ਗਤੀਵਿਧੀਆਂ ‘ ਤਾਂ ਨਹੀਂ ਚੱਲ ਰਹੀਆਂ। ਉਨ੍ਹਾਂ ਕਿਹਾ ਕਿ ਅਜਿਹੇ ਬਹਾਨੇ ਨਹੀਂ ਚੱਲਣਗੇ। ਰੰਧਾਵਾ ਅਨੁਸਾਰ ਇਸ ਦੇ ਨਾਲ ਹੀ ਲੋਕਾਂ ਨੂੰ ਵੀ ਇਹ ਸਮਝਣ ਦੀ ਲੋੜ ਹੈ ਕਿ ਉਹ ਅਜਿਹੀ ਕੋਈ ਮੰਗ ਨਾ ਰੱਖਣ ਕਿ ਦਿਵਾਲੀ ਸੀਜ਼ਨ ਦੌਰਾਨ ਸ਼ਹਿਰ ਦੇ ਅੰਦਰ ਹੀ ਪਟਾਕਿਆਂ ਦੀ ਵਿਕਰੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਪਟਾਕਿਆਂ ਦੀਆਂ ਦੁਕਾਨਾਂ ਸ਼ਹਿਰਾਂ ਤੋਂ ਬਾਹਰ ਇਸ ਲਈ ਕੱਢਦੇ ਹਾਂ ਤਾਂ ਕਿ ਸ਼ਹਿਰਾਂ ਨੂੰ ਸੁਰਿੱਖਅਤ ਕੀਤਾ ਜਾ ਸਕੇ ਤੇ ਲੋਕਾਂ ਨੂੰ ਵੀ ਇਹ ਗੱਲ ਸਮਝਣ ਦੀ ਲੋੜ ਹੈ।

[alg_back_button]

Share this Article
Leave a comment