ਲੇਖਕਾਂ ਤੇ ਬੁਧੀਜੀਵੀਆਂ ਨੇ ਡਾ. ਜੁਗਿੰਦਰ ਸਿੰਘ ਪੁਆਰ ਤੇ ਰੰਗਕਰਮੀ ਹੰਸਾ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਸਾਂਝਾ ਕੀਤਾ

TeamGlobalPunjab
3 Min Read

ਚੰਡੀਗੜ੍ਹ (ਅਵਤਾਰ ਸਿੰਘ): ਨਾਮਵਰ ਭਾਸ਼ਾ ਵਿਗਿਆਨੀ ਤੇ ਸਾਹਿਤ ਚਿੰਤਕ ਡਾ. ਜੁਗਿੰਦਰ ਸਿੰਘ ਪੁਆਰ ਸਦੀਵੀ ਵਿਛੋੜਾ ਦੇ ਗਏ ਹਨ। ਪ੍ਰੋਫ਼ੈਸਰ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਵਜੋਂ ਉੱਚ ਅਕਾਦਮਿਕ ਜ਼ਿੰਮੇਵਾਰੀਆਂ ਨਿਭਾਉਂਦੇ ਸਮੇਂ ਉਨ੍ਹਾਂ ਨੇ ਮਾਂ-ਬੋਲੀ ਪੰਜਾਬੀ ਦੇ ਵਿਕਾਸ ਤੇ ਪਾਸਾਰ ਲਈ ਵੱਡੀ ਭੂਮਿਕਾ ਨਿਭਾਈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ ਨੇ ਭਾਸ਼ਾ ਵਿਗਿਆਨ ਦੀ ਉਚੇਰੀ ਡਿਗਰੀ ਅਤੇ ਸਿਖਲਾਈ ਇੰਗਲੈਂਡ ਵਿੱਚੋਂ ਹਾਸਲ ਕੀਤੀ। ਉਨ੍ਹਾਂ ਨੇ ਪੰਜਾਬੀ ਭਾਸ਼ਾ ਅਤੇ ਖ਼ਾਸ ਕਰਕੇ ਪੰਜਾਬੀ ਵਿਆਕਰਨ ਬਾਰੇ ਮਹੱਤਵਪੂਰਨ ਪੁਸਤਕਾਂ ਲਿਖੀਆਂ। ਉਹ ਬਹੁਤ ਅਨੁਸ਼ਾਸਿਤ ਕਿਸਮ ਦੇ ਖੋਜੀ ਅਤੇ ਅਧਿਆਪਕ ਸਨ। ਉਨ੍ਹਾਂ ਨੇ ‘ਦੇਸ਼ ਸੇਵਕ’ ਅਖ਼ਬਾਰ ਵਿੱਚ ਕੁਝ ਅਰਸਾ ਸੰਪਾਦਕ ਵਜੋਂ ਕੰਮ ਕੀਤਾ। ਉਨ੍ਹਾਂ ਨੇ ਨੌਜਵਾਨ ਭਾਸ਼ਾ ਵਿਗਿਆਨੀਆਂ ਨੂੰ ਉਚੇਰੀ ਖੋਜ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਜਲੰਧਰ ਵਿਖੇ ਪੰਜਾਬੀ ਭਾਸ਼ਾ ਅਕੈਡਮੀ ਦੀ ਸਥਾਪਨਾ ਕਰਕੇ ਪੰਜਾਬੀ ਦੇ ਵਿਕਾਸ ਤੇ ਪਾਸਾਰ ਲਈ ਮਹੱਤਵਪੂਰਨ ਭੂਮਿਕਾ ਨਿਭਾਈ।

ਪੰਜਾਬੀ ਦੇ ਪ੍ਰਤੀਬੱਧ ਨਾਟਕਕਾਰ ਅਤੇ ਰੰਗਕਰਮੀ ਹੰਸਾ ਸਿੰਘ ਸਦੀਵੀ ਵਿਛੋੜਾ ਦੇ ਗਏ ਹਨ। ਉਹ ਲੋਕ-ਪੱਖੀ ਰੰਗਕਰਮੀ ਅਤੇ ਨਿਰਦੇਸ਼ਕ ਸਨ। ਉਨ੍ਹਾਂ ਨੇ ਨਾਟਕ ਤੇ ਰੰਗਮੰਚ ਦੀ ਸਿਖਲਾਈ ਭਾਅ ਜੀ ਗੁਰਸ਼ਰਨ ਸਿੰਘ ਦੀ ਸੰਗਤ ਵਿੱਚੋਂ ਹਾਸਲ ਕੀਤੀ। ਹੰਸਾ ਸਿੰਘ ਦੀ ਨਾਟ-ਟੋਲੀ ਨੇ ਪੰਜਾਬ ਸੰਕਟ ਦੇ ਦਿਨਾਂ ਵਿੱਚ ਵੀ ਪਿੰਡ ਪਿੰਡ ਨਾਟਕ ਖੇਡ ਕੇ ਪੰਜਾਬੀ ਤੇ ਰੰਗਮੰਚ ਦੀ ਲਹਿਰ ਨੂੰ ਹੋਰ ਮਜ਼ਬੂਤ ਕੀਤਾ।

ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ, ਸੀਨੀਅਰ ਪ੍ਰਧਾਨ ਡਾ. ਜੋਗਾ ਸਿੰਘ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਡਾ. ਪੁਆਰ ਤੇ ਹੰਸਾ ਸਿੰਘ ਦੇ ਸਵਰਗਵਾਸ ਹੋ ਜਾਣ ਨਾਲ ਅਸੀਂ ਇੱਕ ਉੱਘੇ ਭਾਸ਼ਾ ਵਿਗਿਆਨੀ ਅਤੇ ਨਾਟਕਕਾਰ ਤੇ ਰੰਗਕਰਮੀ ਤੋਂ ਵਾਂਝੇ ਹੋ ਗਏ ਹਾਂ। ਕੇਂਦਰੀ ਪੰਜਾਬੀ ਲੇਖਕ ਸਭਾ ਵਿਛੋੜਾ ਦੇ ਗਏ ਦੋਹਾਂ ਲੇਖਕਾਂ ਦੇ ਪਰਿਵਾਰਾਂ ਤੇ ਸਨੇਹੀਆਂ ਨਾਲ ਆਪਣੀ ਹਾਰਦਿਕ ਸੰਵੇਦਨਾ ਸਾਂਝੀ ਕਰਦੀ ਹੈ।

ਅੰਮ੍ਰਿਤਸਰ: ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜੋਗਿੰਦਰ ਸਿੰਘ ਪੁਆਰ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਪ੍ਰੈਸ ਸਕੱਤਰ ਪ੍ਰਿੰਸੀਪਲ ਅੰਮ੍ਰਿਤ ਲਾਲ ਮੰਨਣ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ ਵੱਲੋਂ ਇੱਕ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਅਧਿਐਨ ਸਕੂਲ ਵਿਚ ਵੀ ਬਤੌਰ ਪ੍ਰੋਫੈਸਰ ਸੇਵਾ ਨਿਭਾਈ। ਉਹ ਬਹੁਤ ਹੀ ਮਿਲਾਪੜੇ ਸੁਭਾ ਦੇ ਮਾਲਕ ਸਨ। ਉਹ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੇ ਮੁਦੱਈ ਸਨ। ਉਹ ਅਗਾਂਹਵਧੂ ਵਿਚਾਰਧਾਰ ਦੇ ਮਾਲਕ ਸਨ। ਉਨ੍ਹਾਂ ਅਕਾਦਮਿਕ, ਸਮਾਜਿਕ ਲਹਿਰਾਂ ਅਤੇ ਅੰਦੋਲਨਾਂ ਵਿਚ ਵੀ ਹਿੱਸਾ ਲਿਆ। ਉਨ੍ਹਾਂ ਭਾਸ਼ਾ ਅਕਾਦਮੀ ਦੀ ਸਥਾਪਨਾ ਕੀਤੀ ਜਿਸ ਦੇ ਉਹ ਅੰਤ ਤਕ ਪ੍ਰਧਾਨ ਰਹੇ। ਉਹ ਭਾਸ਼ਾ ਵਿਗਿਆਨੀ ਸਨ ।ਉਨ੍ਹਾਂ ਭਾਸ਼ਾ ਵਿਗਿਆਨ ,ਪੰਜਾਬੀ ਭਾਸ਼ਾ ਦਾ ਵਿਆਕਰਨ ‘ਤੇ ਪੁਸਤਕਾਂ ਲਿਖੀਆਂ।ਉਹ ਭਾਵੇਂ ਅੱਜ ਸਾਡੇ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੁਆਰਾ ਪੰਜਾਬੀ ਸਾਹਿਤ ਲਈ ਪਾਏ ਵੱਡਮੂਲੇ ਯੋਗਦਾਨ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

- Advertisement -

Share this Article
Leave a comment