ਨੋਇਡਾ: ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਸੋਮਵਾਰ ਨੂੰ ਇੱਕ ਸਿਖਿਆਰਥੀ ਡਾਕਟਰ ਨੇ ਗੌਰ ਸਿਟੀ ਦੇ 14ਵੇਂ ਐਵੇਨਿਊ ਵਿੱਚ ਇੱਕ ਬਹੁ-ਮੰਜ਼ਿਲਾ ਇਮਾਰਤ ਦੀ 21ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਘਟਨਾ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਘਟਨਾ ਸਥਾਨ ’ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ।
ਇਹ ਦੁਖਦ ਘਟਨਾ ਬਿਸਰਖ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਵਿੱਚ ਵਾਪਰੀ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਿਖਿਆਰਥੀ ਡਾਕਟਰ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮ੍ਰਿਤਕ ਦੀ ਪਛਾਣ ਸ਼ਿਵਾ (29) ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਮਥੁਰਾ ਦਾ ਰਹਿਣ ਵਾਲਾ ਸੀ। ਪੁਲਿਸ ਮੁਤਾਬਕ, ਸ਼ਿਵਾ ਆਪਣੇ ਮਾਪਿਆਂ ਨਾਲ ਗੌਰ ਸਿਟੀ 2 ਵਿੱਚ ਆਪਣੀ ਭੈਣ ਦੇ ਘਰ ਆਇਆ ਹੋਇਆ ਸੀ। ਸੋਮਵਾਰ ਦੁਪਹਿਰ ਨੂੰ ਉਹ ਅਚਾਨਕ ਫਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਗਿਆ।
ਸ਼ਿਵਾ 2015 ਬੈਚ ਦਾ ਐਮਬੀਬੀਐਸ ਵਿਦਿਆਰਥੀ ਸੀ ਅਤੇ ਦਿੱਲੀ ਦੇ ਇੱਕ ਨਿੱਜੀ ਕਾਲਜ ਵਿੱਚ ਪੜ੍ਹਾਈ ਕਰ ਰਿਹਾ ਸੀ। ਪਰਿਵਾਰ ਮੁਤਾਬਕ, 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਉਸ ਨੂੰ ਮਾਨਸਿਕ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਸ ਨੂੰ ਆਪਣੀ ਡਾਕਟਰੀ ਸਿਖਲਾਈ ਅਧੂਰੀ ਛੱਡਣੀ ਪਈ। ਇਸ ਨਾਲ ਉਹ ਗੰਭੀਰ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ।
ਸੈਂਟਰਲ ਨੋਇਡਾ ਦੇ ਏਡੀਸੀਪੀ ਸ਼ਿਵਾਏ ਗੋਇਲ ਨੇ ਦੱਸਿਆ ਕਿ ਪੁਲਿਸ ਨੂੰ ਖੁਦਕੁਸ਼ੀ ਦੀ ਸੂਚਨਾ ਮਿਲੀ ਸੀ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰ ਮੌਕੇ ’ਤੇ ਮੌਜੂਦ ਸਨ। ਮਾਮਲੇ ਵਿੱਚ ਕਾਨੂੰਨੀ ਕਾਰਵਾਈ ਜਾਰੀ ਹੈ।