ਮਰੀਜ਼ ਨਾਲ ਡਾਕਟਰਾਂ ਨੇ ਕੀਤੀ ਵੱਡੀ ਲਾਪਰਵਾਹੀ? ਐਮਆਰਆਈ ਮਸ਼ੀਨ ‘ਚ ਪਾ ਕੇ ਹੀ ਭੁੱਲ ਗਏ? ਫਿਰ ਦੇਖੋ ਕੀ ਹੋਇਆ!

TeamGlobalPunjab
2 Min Read

ਪੰਚਕੁਲਾ : ਦੁਨੀਆਂ ਵਿੱਚ ਲਾਪਰਵਾਹੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਪਰ ਜਿਸ ਤਰ੍ਹਾਂ ਦੀ ਘਟਨਾ ਅੱਜ ਸਾਹਮਣੇ ਆਈ ਹੈ ਉਸ ਨੇ ਸਾਰਿਆਂ ਦੇ ਮਨਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦਰਅਸਲ ਇਹ ਮਾਮਲਾ ਪੰਚਕੁਲਾ ਦੇ ਸੈਕਟਰ-6 ਦਾ ਹੈ। ਜਿੱਥੇ ਜਨਰਲ ਹਸਪਤਾਲ ਦੇ ਅੰਦਰ ਚੱਲ ਰਹੇ ਇੱਕ ਐਮਆਰਆਈ ਅਤੇ ਸਿਟੀ ਸਕੈਨ ਸੈਂਟਰ ‘ਤੇ ਇਹ ਦੋਸ਼ ਹੈ ਕਿ ਉਹ ਇੱਕ ਬਜ਼ੁਰਗ ਵਿਅਕਤੀ ਨੂੰ ਐਮਆਰਆਈ ਮਸ਼ੀਨ ਅੰਦਰ ਪਾ ਕੇ ਹੀ ਭੁੱਲ ਗਏ। ਜਾਣਕਾਰੀ ਮੁਤਾਬਿਕ 59 ਸਾਲ ਦੇ ਇਸ ਬਜ਼ੁਰਗ ਦਾ ਨਾਮ ਰਾਮ ਮੋਹਰ ਹੈ। ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਐਮਆਰਆਈ ਲਈ ਮਸ਼ੀਨ ਅੰਦਰ ਪਾਇਆ ਗਿਆ ਅਤੇ ਉਸ ਨੂੰ ਬਾਹਰ ਹੀ ਨਹੀਂ ਕੱਢਿਆ ਗਿਆ। ਇਸ ਦੌਰਾਨ ਉਸ ਨੇ ਬਹੁਤ ਸਾਰੇ ਹੱਥ ਪੈਰ ਮਾਰੇ ਪਰ ਉਸ ਦੇ ਬੈਲਟ ਲੱਗੀ ਹੋਈ ਸੀ ਜਿਸ ਕਾਰਨ ਉਹ ਉੱਥੋਂ ਹਿੱਲ ਵੀ ਨਹੀਂ ਸਕਿਆ। ਬਜ਼ੁਰਗ ਰਾਮ ਮੋਹਰ ਨੇ ਦੱਸਿਆ ਕਿ ਉਸ ਨੇ ਜਦੋਂ ਜੋਰ ਲਾਇਆ ਤਾਂ ਬੈਲਟ ਟੁੱਟ ਗਈ ਅਤੇ ਉਹ ਮੁਸ਼ਕਿਲ ਨਾਲ ਮਸ਼ੀਨ ਵਿੱਚੋਂ ਬਾਹਰ ਨਿੱਕਲ ਸਕਿਆ।

ਜਾਣਕਾਰੀ ਮੁਤਾਬਿਕ ਪੀੜਤ ਦੱਸੇ ਜਾਂਦੇ ਇਸ ਬਜ਼ੁਰਗ ਨੇ ਕਰਮਚਾਰੀਆਂ ਖਿਲਾਫ ਗੰਭੀਰ ਲਾਪਰਵਾਹੀ ਕਰਨ ਦੇ ਇਲਜ਼ਾਮ ਲਗਾਉਂਦਿਆਂ ਇਸ ਦੀ ਸ਼ਿਕਾਇਤ ਸੈਕਟਰ-5 ਥਾਣੇ ‘ਚ ਦਿੱਤੀ ਹੈ। ਪਤਾ ਲੱਗਾ ਹੈ ਕਿ ਪੀੜਤ ਨੇ ਇਹ ਵੀ ਕਿਹਾ ਹੈ ਕਿ ਜੇਕਰ ਉਹ 30 ਸਕਿੰਟ ਹੋਰ ਮਸ਼ੀਨ ਵਿੱਚੋਂ ਬਾਹਰ ਨਾ ਆਉਂਦਾ ਤਾਂ ਉਸ ਦੀ ਜਾਨ ਚਲੀ ਜਾਣੀ ਸੀ।

ਇੱਧਰ ਦੂਜੇ ਪਾਸੇ ਸੈਂਟਰ ਇੰਚਾਰਜ ਅਮਿਤ ਖੋਖਰ ਨੇ ਦੱਸਿਆ ਕਿ ਉਸ ਨੇ ਟੈਕਨੀਸ਼ੀਅਨਾਂ ਨਾਲ ਗੱਲ ਕੀਤੀ ਹੈ। ਪੀੜਤ ਬਜ਼ੁਰਗ ਦਾ 20 ਮਿੰਟ ਦਾ ਸਕੈਨ ਸੀ, ਟੈਕਨੀਸ਼ੀਅਨ ਨੇ ਆਖਰੀ ਤਿੰਨ ਮਿੰਟ ਦਾ ਸਕੈਨ ਲੈਣਾ ਸੀ ਤਾਂ ਮਰੀਜ਼ ਨੂੰ ਘਬਰਾਹਟ ਮਹਿਸੂਸ ਹੋਈ ਅਤੇ ਉਹ ਹਿੱਲਣ ਲੱਗਾ। ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨਾਂ ਨੇ ਮਰੀਜ਼ ਨੂੰ ਹਿੱਲਣ ਤੋਂ ਮਨ੍ਹਾਂ ਕੀਤਾ ਸੀ ਅਤੇ ਉਹ ਦੂਸਰੇ ਸਿਸਟਮ ‘ਤੇ ਨੋਟਸ ਚੜ੍ਹਾ ਰਹੇ ਸਨ। ਉਨ੍ਹਾਂ ਕਿਹਾ ਕਿ ਟੈਕਨੀਸ਼ੀਅਨ ਨੇ ਜਦੋਂ ਇਹ ਦੇਖਿਆ ਮਰੀਜ਼ ਬਾਹਰ ਆ ਗਿਆ ਹੈ ਤਾਂ ਉਨ੍ਹਾਂ ਨੇ ਹੀ ਉਸ ਨੂੰ ਮਸ਼ੀਨ ਵਿੱਚੋਂ ਬਾਹਰ ਕੱਢਿਆ।

Share this Article
Leave a comment