ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਮ ਲੋਕਾਂ ਦੀ ਸਹੂਲਤ ਲਈ ਵੱਡਾ ਕਦਮ ਚੁੱਕਿਆ ਹੈ। ਰਜਿਸਟਰਾਰ ਦਫਤਰ ਨੇ ਸਾਰੇ ਸੂਬਿਆਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਨਵਜੰਮੇ ਬੱਚਿਆਂ ਦੀਆਂ ਮਾਵਾਂ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਬੱਚੇ ਦਾ ਜਨਮ ਸਰਟੀਫਿਕੇਟ ਜਾਰੀ ਕੀਤਾ ਜਾਵੇ। ਖਾਸ ਤੌਰ ‘ਤੇ ਉਨ੍ਹਾਂ ਹਸਪਤਾਲਾਂ ਵਿੱਚ, ਜਿੱਥੇ ਦੇਸ਼ ਦੇ 50% ਤੋਂ ਵੱਧ ਸੰਸਥਾਗਤ ਜਨਮ ਹੁੰਦੇ ਹਨ।
ਜਨਮ ਅਤੇ ਮੌਤ ਸਰਟੀਫਿਕੇਟ ਦਾ ਰਜਿਸਟ੍ਰੇਸ਼ਨ, ਜਨਮ ਅਤੇ ਮੌਤ ਰਜਿਸਟ੍ਰੇਸ਼ਨ (RBD) ਐਕਟ, 1969 ਦੀ ਧਾਰਾ 12 ਅਨੁਸਾਰ ਰਜਿਸਟਰਾਰ ਦੁਆਰਾ ਜਾਰੀ ਕੀਤਾ ਜਾਂਦਾ ਹੈ। 2023 ਵਿੱਚ ਇਸ ਐਕਟ ਵਿੱਚ ਸੋਧ ਕੀਤੀ ਗਈ ਸੀ, ਜਿਸ ਤੋਂ ਬਾਅਦ ਜਨਮ ਅਤੇ ਮੌਤ ਦਾ ਰਜਿਸਟ੍ਰੇਸ਼ਨ ਕੇਂਦਰ ਦੇ ਸਰਕਾਰੀ ਪੋਰਟਲ ‘ਤੇ ਕਰਨਾ ਲਾਜ਼ਮੀ ਹੋ ਗਿਆ ਹੈ।
7 ਦਿਨਾਂ ਅੰਦਰ ਮਿਲੇਗਾ ਜਨਮ ਸਰਟੀਫਿਕੇਟ
ਰਜਿਸਟਰਾਰ ਦਫਤਰ ਮੁਤਾਬਕ, ਨਵਜੰਮੇ ਬੱਚੇ ਦਾ ਜਨਮ ਰਜਿਸਟ੍ਰੇਸ਼ਨ ਕਰਨ ਦੇ 7 ਦਿਨਾਂ ਦੇ ਅੰਦਰ ਪਰਿਵਾਰ ਨੂੰ ਜਨਮ ਸਰਟੀਫਿਕੇਟ ਮਿਲ ਜਾਣਾ ਚਾਹੀਦਾ। ਇਹ ਸਰਟੀਫਿਕੇਟ ਇਲੈਕਟ੍ਰੌਨਿਕ ਜਾਂ ਕਿਸੇ ਹੋਰ ਫਾਰਮੈਟ ਵਿੱਚ ਜਾਰੀ ਕੀਤਾ ਜਾ ਸਕਦਾ ਹੈ।
ਰਜਿਸਟਰਾਰ ਜਨਰਲ ਆਫ ਇੰਡੀਆ (RGI) ਨੇ ਦੱਸਿਆ ਕਿ ਜਨਮ ਸਰਟੀਫਿਕੇਟ ਦੀ ਵਧਦੀ ਮੰਗ ਨੂੰ ਵੇਖਦਿਆਂ ਇਹ ਫੈਸਲਾ ਲਿਆ ਗਿਆ ਕਿ ਹਸਪਤਾਲ ਵਿੱਚ ਛੁੱਟੀ ਤੋਂ ਪਹਿਲਾਂ ਮਾਂ ਨੂੰ ਸਰਟੀਫਿਕੇਟ ਦਿੱਤਾ ਜਾਵੇ। ਦੇਸ਼ ਭਰ ਦੇ ਸਰਕਾਰੀ ਹਸਪਤਾਲ, ਕਮਿਊਨਿਟੀ ਹੈਲਥ ਸੈਂਟਰ ਅਤੇ ਪ੍ਰਾਇਮਰੀ ਹੈਲਥ ਸੈਂਟਰ ਰਜਿਸਟ੍ਰੇਸ਼ਨ ਇਕਾਈਆਂ ਵਜੋਂ ਕੰਮ ਕਰ ਰਹੇ ਹਨ ਅਤੇ ਇਸ ਦਿਸ਼ਾ ਵਿੱਚ ਕਾਰਜਸ਼ੀਲ ਹਨ।
ਜਨਮ ਸਰਟੀਫਿਕੇਟ ਦੀ ਮਹੱਤਤਾ
ਡਿਜੀਟਲ ਜਨਮ ਸਰਟੀਫਿਕੇਟ ਸਰਕਾਰੀ ਨੌਕਰੀ, ਸਿੱਖਿਅਕ ਸੰਸਥਾਵਾਂ ਵਿੱਚ ਦਾਖਲੇ, ਵਿਆਹ ਦੇ ਰਜਿਸਟ੍ਰੇਸ਼ਨ ਅਤੇ ਜਨਮ ਮਿਤੀ ਸਾਬਤ ਕਰਨ ਲਈ ਇੱਕੋ-ਇੱਕ ਦਸਤਾਵੇਜ਼ ਹੈ। ਇਹ ਨਿਯਮ 1 ਅਕਤੂਬਰ 2023 ਤੋਂ RBD ਐਕਟ ਵਿੱਚ ਸੋਧ ਨਾਲ ਲਾਗੂ ਹੋਇਆ।
ਸੋਧਿਆ ਐਕਟ ਅਤੇ ਰਜਿਸਟ੍ਰੇਸ਼ਨ ਪ੍ਰਕਿਰਿਆ
2023 ਦੀ ਸੋਧ ਅਨੁਸਾਰ, 1 ਅਕਤੂਬਰ 2023 ਤੋਂ ਸਾਰੇ ਜਨਮ ਅਤੇ ਮੌਤ ਦੀ ਰਜਿਸਟ੍ਰੇਸ਼ਨ ਕੇਂਦਰੀ ਪੋਰਟਲ ‘ਤੇ ਕਰਨੀ ਲਾਜ਼ਮੀ ਹੈ। ਪਹਿਲਾਂ ਸੂਬੇ ਆਪਣਾ ਡੇਟਾਬੇਸ ਬਣਾਉਂਦੇ ਸਨ ਅਤੇ ਇਹ ਜਾਣਕਾਰੀ ਗ੍ਰਹਿ ਮੰਤਰਾਲੇ ਅਧੀਨ RGI ਦਫਤਰ ਨਾਲ ਸਾਂਝੀ ਕਰਦੇ ਸਨ। ਹੁਣ ਕੇਂਦਰੀ ਪੋਰਟਲ ‘ਤੇ ਅਪਲੋਡ ਡੇਟਾ ਦੀ ਵਰਤੋਂ ਨੈਸ਼ਨਲ ਪੌਪੂਲੇਸ਼ਨ ਰਜਿਸਟਰ (NPR), ਰਾਸ਼ਨ ਕਾਰਡ, ਜਾਇਦਾਦ ਰਜਿਸਟ੍ਰੇਸ਼ਨ ਅਤੇ ਵੋਟਰ ਸੂਚੀ ਨੂੰ ਅਪਡੇਟ ਕਰਨ ਲਈ ਕੀਤੀ ਜਾਂਦੀ ਹੈ।
ਪਹਿਲਾਂ ਵੀ ਦਿੱਤੀ ਸੀ ਚੇਤਾਵਨੀ
ਇਸ ਤੋਂ ਪਹਿਲਾਂ ਮਾਰਚ 2025 ਵਿੱਚ, ਰਜਿਸਟਰਾਰ ਦਫਤਰ ਨੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਨਮ ਅਤੇ ਮੌਤ ਦੀਆਂ ਘਟਨਾਵਾਂ ਨੂੰ 21 ਦਿਨਾਂ ਦੇ ਅੰਦਰ ਰਿਪੋਰਟ ਕੀਤਾ ਜਾਵੇ। RGI ਨੂੰ ਸੂਚਨਾ ਮਿਲੀ ਸੀ ਕਿ ਕੁਝ ਹਸਪਤਾਲ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਜਨਮ ਰਜਿਸਟ੍ਰੇਸ਼ਨ ਵਿੱਚ ਗੰਭੀਰਤਾ ਨਹੀਂ ਵਿਖਾ ਰਹੇ ਸਨ।