ਸਾਬਕਾ ਜਥੇਦਾਰ ਰੋਡੇ ਦੇ ਪੁੱਤਰ ਨੂੰ ਤੁਰੰਤ ਰਿਹਾਅ ਕਰੇ ਸਰਕਾਰ: ਦਾਦੂਵਾਲ

TeamGlobalPunjab
2 Min Read

ਚੰਡੀਗੜ੍ਹ : ਜਥੇਦਾਰ ਬਲਜੀਤ ਸਿੰਘ ਦਾਦੂਵਾਲ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਜਥੇਦਾਰ ਰੋਡੇ ਦੇ ਪੁੱਤਰ ਨੂੰ ਪੁਲਿਸ ਵਲੋਂ ਗ੍ਰਿਫਤਾਰ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ, ‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਦੇ ਸਪੁੱਤਰ ਗੁਰਮੁੱਖ ਸਿੰਘ ਬਰਾੜ ਨੂੰ ਪਿਛਲੇ ਦਿਨੀਂ ਉਨ੍ਹਾਂ ਦੇ ਜਲੰਧਰ ਸਥਿਤ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਤੇ ਨਾਜਾਇਜ਼ ਅਸਲਾ ਬਾਰੂਦ ਪਾ ਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਕਰ ਦਿੱਤਾ ਹੈ ਜੋ ਬਹੁਤ ਹੀ ਮੰਦਭਾਗੀ ਘਟਨਾ ਹੈ। ਝੂਠੇ ਕੇਸਾਂ ਨੂੰ ਰੱਦ ਕਰਕੇ ਪੰਜਾਬ ਸਰਕਾਰ ਗੁਰਮੁੱਖ ਸਿੰਘ ਬਰਾੜ ਨੂੰ ਤੁਰੰਤ ਰਿਹਾਅ ਕਰੇ।’

ਦਾਦੂਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਅਖ਼ਬਾਰਾਂ ਵਿੱਚ ਕਹਾਣੀ ਪੜ੍ਹੀ ਹੈ ਕਿ ਅੱਧੀ ਰਾਤ ਨੂੰ ਕੰਧਾਂ ਟੱਪ ਕੇ ਆਇਆ ਪੁਲਿਸ ਪ੍ਰਸ਼ਾਸਨ ਪਹਿਲਾਂ ਖਾਲੀ ਹੱਥ ਚਲਾ ਗਿਆ ਅਤੇ ਬਾਅਦ ਵਿੱਚ ਦੁਬਾਰਾ ਰੇਡ ਕਰਕੇ ਅਸਲਾ ਬਾਰੂਦ ਬਰਾਮਦ ਹੋਣ ਦੀ ਗੱਲ ਕੀਤੀ ਜੋ ਕਿ ਸ਼ੰਕੇ ਪੈਦਾ ਕਰਦੀ ਹੈ ਅਤੇ ਜਾਂਦਿਆਂ ਗਲੀ ਗੁਆਂਢੀਆਂ ਦੇ ਸੀਸੀਟੀਵੀ ਕੈਮਰੇ ਵੀ ਉਖਾੜ ਕੇ ਕਬਜ਼ੇ ਵਿਚ ਲੈ ਜਾਣ ਦੀ ਕਾਰਵਾਈ ਵੀ ਸ਼ੰਕਾ ਪੈਦਾ ਕਰਦੀ ਹੈ।

ਜਥੇਦਾਰ ਦਾਦੂਵਾਲ ਨੇ ਕਿਹਾ ਕਿ ਪਹਿਲਾਂ ਹੀ ਪੰਜਾਬ ਦੀ ਜਵਾਨੀ ਦਾ ਬਹੁਤ ਘਾਣ ਹੋ ਚੁੱਕਾ ਹੈ ਅਤੇ ਸੈਂਕੜੇ ਬੇਕਸੂਰ ਸਿੱਖ ਅੱਜ ਵੀ ਜੇਲ੍ਹਾਂ ਵਿੱਚ ਬੰਦ ਹਨ ਜਿਨ੍ਹਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਸਿੱਖ ਸਿਧਾਂਤਾਂ ਉਤੇ ਵਾਰ ਕਰਨ ਵਾਲੇ ਸਿੱਖ ਵਿਰੋਧੀ ਲੋਕ, ਨਸ਼ੇ ਦੇ ਸਮੱਗਲਰ, ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਗੈਰ ਸਮਾਜ਼ੀ ਅਨਸਰ ਤਾਂ ਬਾਹਰ ਖੁੱਲੇਆਮ ਘੁੰਮ ਰਹੇ ਹਨ ਪਰ ਬੇਕਸੂਰ ਸਿੱਖ ਨੌਜਵਾਨਾਂ ਨੂੰ ਟਾਰਗੇਟ ਕਰਕੇ ਜੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ ਜੋ ਨਾ ਬਰਦਾਸ਼ਤਯੋਗ ਹੈ। ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਇਹੋ ਜਿਹੀਆਂ ਡਰਾਮੇਬਾਜ਼ੀਆਂ ਰਚ ਕੇ ਪੰਜਾਬ ਦੇ ਸਿੱਖ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨਾ ਤੁਰੰਤ ਬੰਦ ਕਰੇ।

Share this Article
Leave a comment