ਰਾਜਪਾਲ ਨੇ 5 ਬਕਾਇਆ ਬਿੱਲਾਂ ‘ਤੇ CM ਮਾਨ ਦੀ ਚਿੱਠੀ ਦਾ ਦਿੱਤਾ ਜਵਾਬ

Rajneet Kaur
2 Min Read

 ਚੰਡੀਗੜ੍ਹ :  ਮੁੱਖ ਮੰਤਰੀ ਨੇ ਰਾਜਪਾਲ ਨੂੰ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਚਿੱਠੀ ਲਿਖ ਕੇ ਪੈਂਡਿੰਗ ਪਏ ਪੰਜ ਬਿੱਲ ਪਾਸ ਕਰਨ ਲਈ ਕਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਸੈਸ਼ਨ ਨੂੰ ਸੰਵਿਧਾਨਕ ਕਰਾਰ ਦਿੱਤਾ ਹੈ। ਮੁੱਖ ਮੰਤਰੀ ਦੀ ਚਿੱਠੀ ਦਾ ਜਵਾਬ ਦਿੰਦਿਆਂ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਸੈਸ਼ਨ ਪੱਕੇ ਤੌਰ ’ਤੇ ਉਠਾਉਣ ਤੇ ਨਵਾਂ ਸੈਸ਼ਨ ਬੁਲਾਉਣ ਦੀ ਸਲਾਹ ਦਿੱਤੀ ਸੀ, ਜਿਵੇਂ ਕਿ ਤੁਸੀਂ ਸੁਪਰੀਮ ਕੋਰਟ ’ਚ ਕਿਹਾ ਹੈ।

CM ਮਾਨ  ਨੇ ਰਾਜਪਾਲ ਨੂੰ ਲਿਖਿਆ ਹੈ ਕਿ ਤੁਸੀਂ ਆਪਣੇ ਪੱਤਰ ’ਚ ਸੈਸ਼ਨ ਨੂੰ ਗ਼ੈਰ-ਸੰਵਿਧਾਨਕ ਦੱਸਿਆ ਸੀ, ਪਰ ਹੁਣ ਸੁਪਰੀਮ ਕੋਰਟ ਨੇ ਸੈਸ਼ਨ ਨੂੰ ਸੰਵਿਧਾਨਕ ਕਰਾਰ ਦਿੱਤਾ ਹੈ। ਅਜਿਹੀ ਸਥਿਤੀ ’ਚ ਤੁਹਾਨੂੰ ਹੁਣ ਬਿੱਲਾਂ ਨੂੰ ਕਾਨੂੰਨੀ ਰੂਪ ਦੇਣ ਲਈ ਲੋੜੀਂਦੀ ਪ੍ਰਕਿਰਿਆ ਪੂਰਾ ਕਰਨ ਦੀ ਬੇਨਤੀ ਕੀਤੀ ਜਾਂਦੀ ਹੈ। ਮੁੱਖ ਮੰਤਰੀ ਨੇ ਪੰਜ ਬਿੱਲਾਂ ਦੇ ਵੇਰਵੇ ਵੀ ਰਾਜਪਾਲ ਨੂੰ ਭੇਜ ਦਿੱਤੇ ਹਨ। ਇਸ ’ਚ ਪੰਜਾਬ ਪੁਲਿਸ ਸੋਧ ਬਿੱਲ 2023, ਗੁਰਦੁਆਰਾ ਸੋਧ ਬਿੱਲ 2023, ਪੰਜਾਬ ਯੂਨੀਵਰਸਿਟੀ ਬਿੱਲ 2023, ਪੰਜਾਬ ਐਫੀਲੀਏਟਿਡ ਕਾਲਜ (ਸੇਵਾਵਾਂ ਦੀ ਸੁਰੱਖਿਆ) ਸੋਧ ਬਿੱਲ 2023 ਅਤੇ ਪੰਜਾਬ ਵਿਜੀਲੈਂਸ ਕਮਿਸ਼ਨ ਰੀਪੀਲ ਬਿੱਲ 2022 ਸ਼ਾਮਲ ਹਨ।

ਜਿਸ ਤੋਂ ਬਾਅਦ ਇਸ ਚਿੱਠੀ ਦੇ ਜਵਾਬ ਵਿੱਚ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਮੈਨੂੰ ਇਹ ਨੋਟ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਅਸੈਂਬਲੀ ਨੂੰ ਮੁਲਤਵੀ ਕਰਨ ਅਤੇ ਬਿਨਾਂ ਮੁਲਤਵੀ ਕੀਤੇ ਇਸਨੂੰ ਵਾਪਿਸ ਬੁਲਾਉਣ ਦੀ ਪ੍ਰਥਾ ਆਖਰਕਾਰ ਖਤਮ ਹੋ ਗਈ। ਮੈਨੂੰ ਖੁਸ਼ੀ ਹੈ ਕਿ ਸਿਹਤਮੰਦ ਲੋਕਤੰਤਰੀ ਅਭਿਆਸਾਂ ਨੂੰ ਲੀਹ ‘ਤੇ ਲਿਆਂਦਾ ਗਿਆ ਹੈ। ਅਸਲ ਵਿੱਚ ਮੈਂ ਤੁਹਾਨੂੰ ਵਾਰ-ਵਾਰ ਉਸੇ ਪ੍ਰਕਿਰਿਆ ਦੀ ਪਾਲਣਾ ਕਰਨ ਦੀ ਸਲਾਹ ਦਿੰਦਾ ਰਿਹਾ ਹਾਂ ਜਿਸ ਬਾਰੇ ਤੁਸੀਂ ਸੁਪਰੀਮ ਕੋਰਟ ਵਿੱਚ ਸਹਿਮਤੀ ਦਿੱਤੀ ਸੀ।ਉਨ੍ਹਾਂ ਆਪਣੇ ਪੱਤਰ ’ਚ ਕਿਹਾ ਕਿ ਤੁਹਾਡੇ ਵੱਲੋਂ ਦੱਸੇ ਗਏ ਪੰਜ ਬਿੱਲ ਮੇਰੇ ਵਿਚਾਰ ਅਧੀਨ ਹਨ ਤੇ 10 ਨਵੰਬਰ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੇ ਨਿਰਦੇਸ਼ਾਂ ਦੀ ਰੋਸ਼ਨੀ ’ਚ ਫ਼ੈਸਲਾ ਕੀਤਾ ਜਾਵੇਗਾ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment