ਨਵੀਂ ਦਿੱਲੀ: ਕਿਸਾਨਾਂ ਨਾਲ ਜੁੜੇ ਬਿੱਲ ਦੇ ਵਿਰੋਧ ਦੇ ਵਿਚਾਲੇ ਕੇਂਦਰ ਦੀ ਮੋਦੀ ਸਰਕਾਰ ਨੇ ਐੱਮਐੱਸਪੀ ‘ਚ ਵਾਧਾ ਕਰ ਦਿੱਤਾ ਹੈ। ਕੈਬਨਿਟ ਨੇ ਕਣਕ ਤੇ ਐੱਮਐੱਸਪੀ ਨੂੰ ਮਨਜੂਰੀ ਵੀ ਦੇ ਦਿੱਤੀ ਹੈ। ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 50 ਰੁਪਏ ਪ੍ਰਤੀ ਕੁਇੰਟਲ ਵਧਾ ਦਿੱਤਾ ਹੈ। ਇਸ ਵਾਧੇ ਨਾਲ ਕਣਕ ਦਾ ਘੱਟੋ-ਘੱਟ ਭਾਅ 1975 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ।
ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਐਲਾਨ ਅੱਜ ਲੋਕ ਸਭਾ ਵਿੱਚ ਕੀਤਾ, ਹਾਲਾਂਕਿ ਐੱਮਐੱਸਪੀ ਵਧਾਉਣ ਦਾ ਫੈਸਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਲਿਆ ਹੈ।
ਦੱਸ ਦਈਏ ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ, “ਮੈਂ ਦੇਸ਼ ਦੇ ਹਰ ਕਿਸਾਨ ਨੂੰ ਇਸ ਗੱਲ ਦਾ ਭਰੋਸਾ ਦਿੰਦਾ ਹਾਂ ਕਿ ਐਮਐਸਪੀ ਦੀ ਵਿਵਸਥਾ ਜਿਵੇਂ ਪਹਿਲਾਂ ਪਹਿਲਾਂ ਚਲਦੀ ਆ ਰਹੀ ਸੀ ਉਂਜ ਹੀ ਚੱਲਦੀ ਰਹੇਗੀ। ਇਸੇ ਤਰ੍ਹਾਂ ਹਰ ਸੀਜ਼ਨ ਵਿੱਚ ਸਰਕਾਰੀ ਖਰੀਦ ਲਈ ਜਿਸ ਤਰ੍ਹਾਂ ਅਭਿਆਨ ਚਲਾਇਆ ਜਾਂਦਾ ਹੈ, ਉਹ ਵੀ ਪਹਿਲਾਂ ਦੀ ਤਰ੍ਹਾਂ ਚੱਲਦੇ ਰਹਿਣਗੇ।”