ਅੱਛੇ ਦਿਨਾਂ ਦਾ ਲਾ ਕੇ ਲਾਰਾ ! ਖੋਹ ਲਈ ਰੋਜ਼ੀ ਰੋਟੀ!

TeamGlobalPunjab
8 Min Read

-ਸੁਬੇਗ ਸਿੰਘ;

ਵਿਸ਼ਵਾਸ, ਮਨੁੱਖ ਦੀ ਜਿੰਦਗੀ ‘ਚ ਇੱਕ ਅਜਿਹਾ ਸ਼ਬਦ ਹੈ, ਜਿਸਦੇ ਸਹਾਰੇ ਮਨੁੱਖ ਉੱਚੀਆਂ ਤੋਂ ਉੱਚੀਆਂ ਚਟਾਨਾਂ ਨਾਲ ਟਕਰਾਅ ਜਾਂਦਾ ਹੈ ਅਤੇ ਡੂੰਘੀਆਂ ਘਾਟੀਆਂ ਨੂੰ ਵੀ ਪਾਰ ਕਰ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸੇ ਵਿਸ਼ਵਾਸ ਦੇ ਸਦਕਾ ਹੀ, ਮਨੁੱਖ ਕਿਸੇ ਵੀ ਜੋਖਮ ਭਰੇ ਕੰਮ ਨੂੰ ਕਰਨ ਲਈ ਤਿਆਰ ਹੋ ਜਾਂਦਾ ਹੈ ਅਤੇ ਮਨੁੱਖ ‘ਚ ਇਹ ਵਿਸ਼ਵਾਸ ਕਾਇਮ ਵੀ ਰਹਿਣਾ ਚਾਹੀਦਾ ਹੈ। ਜਦੋਂ ਕਿਸੇ ਮਨੁੱਖ ਦਾ ਵਿਸ਼ਵਾਸ ਡੋਲ ਜਾਵੇ, ਤਾਂ ਉਸ ਮਨੁੱਖ ਦੀ ਜਿੰਦਗੀ ਵੀ ਡਾਵਾਂਡੋਲ ਹੋ ਜਾਂਦੀ ਹੈ। ਅਸਲ ਵਿੱਚ ਜਿੰਦਗੀ ਦਾ ਦੂਸਰਾ ਨਾਮ ਹੀ ਵਿਸ਼ਵਾਸ ਹੁੰਦਾ ਹੈ।

ਕਿਸੇ ਮਨੁੱਖ ਜਾਂ ਫਿਰ ਕਿਸੇ ਸਮੂਹ ਦਾ ਇਹ ਵਿਸ਼ਵਾਸ ਹੀ ਹੁੰਦਾ ਹੈ, ਜਿਹੜਾ ਮਨੁੱਖ ਨੂੰ ਨਵੇਂ 2 ਕੰਮ ਕਰਨ ਲਈ ਪ੍ਰੇਰਦਾ ਹੈ। ਮਨੁੱਖ ਨਵੀਂਆਂ 2 ਖੋਜਾਂ ਕਰਦਾ ਹੈ। ਭਾਵੇਂ ਸ਼ੁਰੂ 2 ‘ਚ ਮਨੁੱਖ ਆਪਣੇ ਇਨ੍ਹਾਂ ਤਜਰਬਿਆਂ ‘ਚ ਫੇਲ ਵੀ ਹੋ ਜਾਂਦਾ ਹੈ। ਪਰ ਇਹ ਉਸਦਾ ਦ੍ਰਿੜ ਵਿਸ਼ਵਾਸ ਹੀ ਹੁੰਦਾ ਹੈ, ਜਿਹੜਾ ਉਸਨੂੰ ਉਹਦੀ ਮੰਜਲ ਤੱਕ ਪਹੁੰਚਾਅ ਦਿੰਦਾ ਹੈ। ਕਿਸੇ ਮੰਜਲ ‘ਤੇ ਪਹੁੰਚਣ ਲਈ, ਵਿਸ਼ਵਾਸ ਖੋਅ ਬੈਠਣ ਵਾਲੇ ਵਿਅਕਤੀ ਦੀ ਜਿੰਦਗੀ ਧੋਬੀ ਦੇ ਕੁੱਤੇ ਵਰਗੀ ਹੋ ਜਾਂਦੀ ਹੈ। ਜਿਹੜਾ ਨਾ ਘਰ ਦਾ ਅਤੇ ਨਾ ਹੀ ਘਾਟ ਦਾ ਰਹਿੰਦਾ ਹੈ। ਵੈਸੇ ਵੀ, ਜਿੰਦਗੀ ‘ਚ ਸਭ ਕੁੱਝ ਗੁਆ ਚੁੱਕਣ ਤੋਂ ਬਾਅਦ ਮਨੁੱਖ ਕੋਲ ਵਿਸ਼ਵਾਸ ਹੀ ਤਾਂ ਬਚਦਾ ਹੈ। ਜਿਸਦੇ ਸਹਾਰੇ ਮਨੁੱਖ ਆਪਣੀ ਡਾਵਾਂਡੋਲ ਹੋਈ ਜਿੰਦਗੀ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਆਪਣੀ ਮੰਜਲ ‘ਤੇ ਪਹੁੰਚ ਜਾਂਦਾ ਹੈ।

ਸਿਆਣੇ ਕਹਿੰਦੇ ਹਨ, ਕਿ ਭਾਵੇਂ ਕੁੱਝ ਵੀ ਹੋ ਜਾਵੇ, ਪਰ ਮਨੁੱਖ ਨੂੰ ਆਪਣਾ ਵਿਸ਼ਵਾਸ ਨਹੀਂ ਗੁਆਉਣਾ ਚਾਹੀਦਾ। ਚਮਕੌਰ ਸਾਹਿਬ ਦੀ ਗੜ੍ਹੀ ਦੀ ਜੰਗ ‘ਚ ਭੁੱਖਣ ਭਾਣੇ ਸਿੰਘਾਂ ਨੂੰ ਆਪਣੇ ਗੁਰੂ ਤੇ ਵਿਸ਼ਵਾਸ ਸੀ ਅਤੇ ਉਹ ਔਖੇ ਹਾਲਾਤ ‘ਚ ਵੀ, ਡੱਟ ਕੇ ਆਪਣੇ ਗੁਰੂ ਨਾਲ ਅਡੋਲ ਖੜ੍ਹੇ ਰਹੇ। ਪਰ ਜਿਨ੍ਹਾਂ ਨੂੰ ਆਪਣੇ ਗੁਰੂ ਦੀ ਜਿੱਤ ਅਤੇ ਆਪਣੇ ਆਪ ‘ਤੇ ਵਿਸ਼ਵਾਸ ਨਹੀਂ ਸੀ, ਉਹ ਲੋਕ ਬੇਦਾਵਾ ਲਿਖ ਕੇ ਆਪਣੇ ਗੁਰੂ ਦਾ ਸਾਥ ਛੱਡ ਗਏ। ਇਸੇ ਤਰ੍ਹਾਂ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਨੂੰ ਵੀ ਆਪਣੀ ਲਿਆਕਤ ਅਤੇ ਮਿਹਨਤ ‘ਤੇ ਵਿਸ਼ਵਾਸ ਸੀ। ਇਹੋ ਕਾਰਨ ਸੀ ਕਿ ਉਹ ਆਜਾਦ ਭਾਰਤ ਦਾ ਸੰਵਿਧਾਨ ਲਿਖਣ ‘ਚ ਕਾਮਯਾਬ ਹੋਏ। ਦੱਖਣੀ ਅਫਰੀਕਾ ਦੇ ਮਹਾਨ ਆਗੂ ਨੈਲਸਨ ਮੰਡੇਲਾ ਨੂੰ ਵੀ ਆਪਣੇ ਆਪ ਉੱਤੇ ਅਥਾਹ ਵਿਸ਼ਵਾਸ ਸੀ। ਇਸ ਲਈ ਉਨ੍ਹਾਂ ਨੇ ਆਪਣੇ ਅਤੇ ਆਪਣੇ ਲੋਕਾਂ ਲਈ ਆਪਣੀ ਜਿੰਦਗੀ ਦੇ ਕੀਮਤੀ 28 ਸਾਲ ਜੇਲ ‘ਚ ਕੱਟੇ ਤੇ ਆਖਰ ਨੂੰ ਦੇਸ਼ ਦੇ ਰਾਸਟਰਪਤੀ ਬਣੇ। ਸੱਚਮੁੱਚ, ਵਿਸਵਾਸ਼ ਮਨੁੱਖ ਲਈ ਪਾਰਸ ਦੀ ਵੱਟੀ ਹੁੰਦੀ ਹੈ। ਜਿਸ ਦੀ ਮੱਦਦ ਨਾਲ ਹਰ ਮੁਸ਼ਕਲ ਦਾ ਹੱਲ ਕੀਤਾ ਜਾ ਸਕਦਾ ਹੈ।

ਮਨੁੱਖ ਦੀ ਰੋਜਾਨਾ ਜਿੰਦਗੀ ਵਿੱਚ ਵੀ ਥਾਂ 2 ‘ਤੇ ਵਿਸ਼ਵਾਸ ਦਾ ਬੜਾ ਵੱਡਾ ਯੋਗਦਾਨ ਹੁੰਦਾ ਹੈ। ਵਿਸ਼ਵਾਸ ਤੋਂ ਬਿਨਾਂ, ਮਨੁੱਖ ਇੱਕ ਕਦਮ ਵੀ ਅੱਗੇ ਨਹੀਂ ਚੱਲ ਸਕਦਾ। ਕਿਸੇ ਦੂਸਰੇ ਮਨੁੱਖ ਨਾਲ ਲੈਣ ਦੇਣ, ਬੈਂਕਾਂ ਤੋਂ ਕਰਜ਼ਾ ਲੈਣ, ਵਪਾਰ ਕਰਨ ਅਤੇ ਇੱਥੋਂ ਤੱਕ ਕਿ ਕਿਸੇ ਬੀਮਾਰੀ ਦੇ ਉਪਰੇਸ਼ਨ ਵਕਤ ਮਰੀਜ਼ ਵੱਲੋਂ ਡਾਕਟਰ ਚ ਪ੍ਰਗਟਾਇਆ ਗਿਆ ਵਿਸ਼ਵਾਸ ਹੀ ਤਾਂ ਹੁੰਦਾ ਹੈ, ਜਿਹੜਾ ਰੋਗੀ ਨੂੰ ਨਵੀਂ ਜਿੰਦਗੀ ਪ੍ਰਦਾਨ ਕਰਦਾ ਹੈ। ਸੋ ਵਿਸ਼ਵਾਸ ਮਨੁੱਖ ਦੀ ਜਿੰਦਗੀ ਦਾ ਗਹਿਣਾ ਹੁੰਦਾ ਹੈ।

ਇਸੇ ਵਿਸ਼ਵਾਸ ਦੀ ਕੜੀ ਦੇ ਤਹਿਤ ਹੀ ਆਜਾਦੀ ਤੋਂ ਬਾਅਦ ਆਪਣੇ ਵੋਟ ਦੀ ਵਰਤੋਂ ਕਰਕੇ ਹੀ ਦੇਸ਼ ਦੀ ਭੋਲੀ ਭਾਲੀ ਜਨਤਾ ਆਪਣੇ ਲੀਡਰਾਂ ਦੀਆਂ ਗੱਲਾਂ ‘ਤੇ ਵਿਸ਼ਵਾਸ ਕਰਕੇ ਉਨ੍ਹਾਂ ਨੂੰ ਵੋਟ ਪਾਉਂਦੀ ਰਹੀ ਹੈ। ਇਹ ਗੱਲ ਵੱਖਰੀ ਹੈ ਕਿ ਦੇਸ਼ ਦੇ ਚੁਣੇ ਹੋਏ ਨੁਮਾਇੰਦੇ ਅਤੇ ਸਰਕਾਰਾਂ, ਚੁਣੇ ਜਾਣ ਤੋਂ ਬਾਅਦ ਵਾਰ 2 ਜਨਤਾ ਦਾ ਵਿਸ਼ਵਾਸ ਤੋੜਦੇ ਰਹੇ ਹਨ। ਪਰ ਦੇਸ਼ ਦੀ ਗਰੀਬ ਤੇ ਲਾਚਾਰ ਜਨਤਾ, ਮੁੜ 2 ਕੇ ਦੁਬਾਰਾ ਉਨ੍ਹਾਂ ਹੀ ਲੀਡਰਾਂ ਤੇ ਪਾਰਟੀਆਂ ਤੇ ਵਿਸ਼ਵਾਸ ਕਰਕੇ, ਉਨ੍ਹਾਂ ਨੂੰ ਵੋਟ ਪਾਉਂਦੀ ਰਹੀ। ਜਿਹੜੇ ਉਨ੍ਹਾਂ ਦੀ ਗਰੀਬੀ ਦੂਰ ਕਰਨ, ਅੱਛੇ ਦਿਨ ਲਿਆਉਣ, ਬੇਰੁਜ਼ਗਾਰੀ ਖਤਮ ਕਰਨ ਅਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਜਿਹੇ ਲਾਰੇ ਤੇ ਨਾਅਰੇ ਜੋਰ ਸ਼ੋਰ ਨਾਲ ਲਾਉਂਦੇ ਰਹੇ। ਇਹ ਲੀਡਰ ਤੇ ਰਾਜਨੀਤਕ ਪਾਰਟੀਆਂ ਦੇ ਸਾਰੇ ਨਾਅਰੇ ਤੇ ਲਾਰੇ ਜਿੱਤਣ ਤੋਂ ਬਾਅਦ ਹਵਾ ਹਵਾਈ ਹੋ ਜਾਂਦੇ ਹਨ। ਅਜਿਹੇ ਲਾਰਿਆਂ ਤੇ ਨਾਅਰਿਆਂ ਦੇ ਨਾਲ, ਦੇਸ਼ ਦੇ ਲੋਕ ਆਪਣੇ ਆਪਨੂੰ ਠੱਗਿਆ 2 ਮਹਿਸੂਸ ਕਰਦੇ ਹਨ।

ਭਾਵੇਂ ਦੇਸ਼ ਦੀ ਜਨਤਾ ਦੇ ਨਾਲ ਇਹੋ ਜਿਹਾ ਵਰਤਾਰਾ, ਆਜਾਦੀ ਤੋਂ ਬਾਅਦ ਬਾਦਸਤੂਰ ਜਾਰੀ ਹੈ। ਕੋਈ ਵੀ ਲੀਡਰ ਜਾਂ ਪਾਰਟੀ ਆਪਣੇ ਚੋਣ ਮੈਨੀਫੈਸਟੋ ‘ਤੇ ਪੂਰਾ ਨਹੀਂ ਉੱਤਰਦੀ। ਇਹ ਪਾਰਟੀਆਂ ਜਾਂ ਸਰਕਾਰਾਂ ਭਾਵੇਂ ਕੇਂਦਰ ਦੀਆਂ ਹੋਣ ਜਾਂ ਫਿਰ ਸੂਬਿਆਂ ਦੀ ਹੋਣ। ਲੋਕਾਂ ਪ੍ਰਤੀ ਬੇਰੁਖੀ ਵਾਲਾ ਵਰਤਾਰਾ ਸਾਰਿਆਂ ਦਾ ਇੱਕੋ ਜਿਹਾ ਹੀ ਹੈ। ਕੇਂਦਰ ਵਿੱਚ ਭਾਜਪਾ ਦੀ ਸਰਕਾਰ ਨੇ, ਕਾਂਗਰਸ ਸਰਕਾਰ ਦੇ ਔਗੁਣ ਗਿਣਾ ਕੇ 2014 ‘ਚ ਲੋਕਾਂ ਨੂੰ ਅੱਛੇ ਦਿਨਾਂ ਦਾ ਵਾਅਦਾ ਕੀਤਾ ਸੀ। ਇਹਦੇ ਨਾਲ ਹੀ ਬੇਰੁਜਗਾਰੀ, ਫਿਰਕਾਪ੍ਰਸਤੀ, ਭ੍ਰਿਸਟਾਚਾਰ, ਭਾਈ ਭਤੀਜਾਵਾਦ, ਮਹਿੰਗਾਈ, ਧਾਰਮਿਕ ਕੱਟੜਤਾ ਅਤੇ ਜਾਤ ਪਾਤ ਦੇ ਕੋਹੜ ਨੂੰ ਖਤਮ ਕਰਨ ਦੀ ਗੱਲ ਕੀਤੀ ਸੀ। ਇਹਦੇ ਨਾਲ ਹੀ ਵਿਦੇਸ਼ਾਂ ‘ਚੋਂ ਕਾਲਾ ਧਨ ਲਿਆਉਣ ਦੀ ਗੱਲ ਵੀ ਕੀਤੀ ਗਈ ਸੀ। ਪਰ ਹੋਇਆ ਕੁੱਝ ਵੀ ਨਹੀਂ, ਸਗੋਂ ਲੋਕਾਂ ਦਾ ਜੀਣਾ, ਪਹਿਲਾਂ ਨਾਲੋਂ ਵੀ ਜਿਆਦਾ ਦੁੱਭਰ ਹੋਇਆ ਪਿਆ ਹੈ।

ਇਸ ਦੇ ਉਲਟ, ਕੇਂਦਰ ਦੀ ਸਰਕਾਰ ਲਗਾਤਾਰ ਲੋਕ ਵਿਰੋਧੀ ਕਾਨੂੰਨ ਧੜਾਧੜ ਪਾਸ ਕਰ ਰਹੀ ਹੈ। ਖੇਤੀ ਸੰਬੰਧੀ ਤਿੰਨ ਕਾਲੇ ਕਾਨੂੰਨ, ਲੇਬਰ ਐਕਟ ਚ ਮਨਚਾਹੀਆਂ ਸੋਧਾਂ, ਜਨਤਕ ਅਦਾਰਿਆਂ ਦਾ ਤੇਜੀ ਨਾਲ ਨਿੱਜੀਕਰਨ, ਬੇਰੁਜਗਾਰੀ, ਮਹਿੰਗਾਈ, ਧਾਰਮਿਕ ਕੱਟੜਤਾ, ਜਾਤ ਪਾਤ ਨੂੰ ਵੜਾਵਾ ਅਤੇ ਸੰਵਿਧਾਨ ਦੀ ਨਿੱਤ ਦਿਨ ਹੋ ਰਹੀ ਉਲੰਘਣਾ ਅਤੇ ਹੋਰ ਬਹੁਤ ਸਾਰੇ ਅਨੇਕਾਂ ਹੀ ਮੁੱਦੇ ਹਨ। ਜਿਨ੍ਹਾਂ ਨੇ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।

ਅਜਿਹੀ ਕਾਰਗੁਜ਼ਾਰੀ ‘ਚ ਸੂਬਾ ਸਰਕਾਰ ਵੀ ਕਿਸੇ ਗੱਲੋਂ ਭੋਰਾ ਵੀ ਘੱਟ ਨਹੀਂ ਹੈ। ਪੰਜਾਬ ‘ਚ ਅਕਾਲੀ ਤੇ ਭਾਜਪਾ ਦੀ ਸਾਂਝੀ ਸਰਕਾਰ ਦੇ 10 ਸਾਲਾਂ ਦੇ ਕੁਸ਼ਾਸਨ ਤੋਂ ਅੱਕੇ ਲੋਕਾਂ ਨੇ ਕੈਪਟਨ ਸਾਹਿਬ ਦੀ ਕਾਂਗਰਸ ਸਰਕਾਰ ਨੂੰ ਹੁੱਬ ਕੇ ਵੋਟਾਂ ਪਾਈਆਂ। ਵੈਸੇ ਵੀ ਕੈਪਟਨ ਸਾਹਿਬ ਨੇ ਚੋਣਾਂ ਦੇ ਵਕਤ ਵਾਅਦਿਆਂ ਦੀ ਝੜੀ ਹੀ ਤਾਂ ਲਗਾ ਦਿੱਤੀ ਸੀ। ਕੈਪਟਨ ਸਾਹਿਬ ਨੇ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ, ਹੱਥ ਵਿੱਚ ਪਵਿੱਤਰ ਗੁਟਕਾ ਸਾਹਿਬ ਫੜ ਕੇ ਵਾਅਦੇ ਪੂਰੇ ਕਰਨ ਦੀ ਸਹੁੰ ਜੋ ਖਾਧੀ ਸੀ। ਫੇਰ ਭਲਾ ਲੋਕ ਵਿਸ਼ਵਾਸ ਕਿਉਂ ਨਾ ਕਰਨ।ਕੈਪਟਨ ਅਮਰਿੰਦਰ ਸਿੰਘ ਨੇ, ਘਰ 2 ਨੌਕਰੀ, ਬਿਜਲੀ ਸਸਤੀ ਤੇ ਬਾਦਲ ਸਰਕਾਰ ਵੇਲੇ ਹੋਏ ਬਿਜਲੀ ਸਮਝੌਤੇ ਰੱਦ ਕਰਨ, ਸਸਤੀ ਵਿੱਦਿਆ, ਨਸ਼ਿਆਂ ਨੂੰ ਖਤਮ ਕਰਨਾ, ਮਹਿੰਗਾਈ ਘਟਾਉਣੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲੇ ਦੋਸ਼ੀਆਂ ਨੂੰ ਸ਼ਜਾ ਦੇਣੀ ਸਾਮਲ ਸੀ। ਪਰ ਅਫਸੋਸ ਕਿ ਸਰਕਾਰ ਦੀ ਮਿਆਦ ਪੂਰੀ ਹੋਣ ਦੇ ਨੇੜੇ ਤੇੜੇ ਹੈ ਪਰ ਵਾਅਦੇ ਉਸੇ ਤਰ੍ਹਾਂ ਹੀ ਲੋਕਾਂ ਦਾ ਮੂੰਹ ਚਿੜ੍ਹਾ ਰਹੇ ਹਨ। ਕੈਪਟਨ ਸਰਕਾਰ ਹਰ ਰੋਜ ਲੋਕਾਂ ਨੂੰ ਲੁੱਟ ਅਤੇ ਕੁੱਟ ਰਹੀ ਹੈ। ਇਉਂ ਜਾਪਦਾ ਹੈ ਕਿ ਇਨ੍ਹਾਂ ਸਰਕਾਰਾਂ ਨੇ ਲੋਕਾਂ ਦੀ ਜਿੰਦਗੀ ਨੂੰ ਸੌਖਾ ਕਰਨ ਦੀ ਥਾਂ ਹੋਰ ਵੀ ਔਖਾ ਕਰ ਦਿੱਤਾ ਹੈ। ਲੋਕ, ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ, ਕਿਉਂਕ ਸਰਕਾਰਾਂ ਨੇ ਲੋਕਾਂ ਦੇ ਹੱਥਾਂ ‘ਚੋਂ ਰੋਜ਼ੀ ਰੋਟੀ ਤੱਕ ਖੋਹ ਲਈ ਹੈ।

ਸੰਪਰਕ: 93169 10402

Share This Article
Leave a Comment