ਅੰਮ੍ਰਿਤਸਰ: ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਛੇਵੇਂ ਦਿਨ ਵੀ ਜਾਰੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਮਿਲੀਆਂ ਈਮੇਲਾਂ ਵਿੱਚ ਇੱਕ ਵਾਰ ਫਿਰ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ, ਪਿਛਲੇ 6 ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਵਾਲੀਆਂ 8 ਈਮੇਲਾਂ ਮਿਲ ਚੁੱਕੀਆਂ ਹਨ। ਇਸ ਕਾਰਨ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। SGPC ਦੀ ਟਾਸਕ ਫੋਰਸ ਵੀ ਪੂਰੀ ਤਰ੍ਹਾਂ ਅਲਰਟ ‘ਤੇ ਹੈ।
ਇੱਕ ਵਿਅਕਤੀ ਹਿਰਾਸਤ ‘ਚ
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਫਰੀਦਾਬਾਦ, ਹਰਿਆਣਾ ਤੋਂ 24 ਸਾਲ ਦੇ ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲਿਸ ਅਨੁਸਾਰ, ਸ਼ੁਭਮ ਦੂਬੇ ਨੂੰ ਧਮਕੀ ਭਰੀਆਂ ਈਮੇਲਾਂ ਨਾਲ ਜੁੜੇ ਸਬੂਤਾਂ ਦੇ ਆਧਾਰ ‘ਤੇ ਹਿਰਾਸਤ ਵਿੱਚ ਲਿਆ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਦੀ ਸੁਰੱਖਿਆ ਸਖ਼ਤ
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਪਹਿਲੀ ਧਮਕੀ ਮਿਲਣ ਤੋਂ ਹੀ ਪੁਲਿਸ ਨੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ। SGPC ਦੇ ਸਹਿਯੋਗ ਨਾਲ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਬੰਬ ਨਿਰੋਧਕ ਦਸਤੇ, ਡੌਗ ਸਕੁਐਡ ਅਤੇ ਸਪੈਸ਼ਲ ਆਪਰੇਸ਼ਨ ਗਰੁੱਪ (SOG) ਨੂੰ ਤਾਇਨਾਤ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਖੁਦ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ। ਸ਼ੁਭਮ ਦੂਬੇ ਦੇ ਇਲੈਕਟ੍ਰਾਨਿਕ ਉਪਕਰਨਾਂ ਜਿਵੇਂ ਕਿ ਲੈਪਟਾਪ ਅਤੇ ਮੋਬਾਈਲ ਨੂੰ ਜ਼ਬਤ ਕਰਕੇ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।