ਨਿਊਜ਼ ਡੈਸਕ : ਗਰਮੀਆਂ ‘ਚ ਅਕਸਰ ਲੋਕ ਲੂ ਦੀ ਲਪੇਟ ਵਿਚ ਆ ਜਾਂਦੇ ਹਨ। ਇੰਨੀ ਤੇਜ਼ ਗਰਮੀ ਵਿਚ ਚੰਗਾ ਇਹੀ ਹੈ ਕਿ ਜ਼ਰੂਰਤ ਪੈਣ ‘ਤੇ ਹੀ ਬਾਹਰ ਨਿਕਲਿਆ ਜਾਵੇ। ਜੇਕਰ ਤੁਸੀਂ ਬਾਹਰ ਨੌਕਰੀ ਕਰਦੇ ਹੋ ਤੇ ਖਾਲੀ ਪੇਟ ਘਰੋਂ ਬਾਹਰ ਨਿਕਲ ਰਹੇ ਹੋ ਤਾਂ ਇਕ ਵਾਰ ਫਿਰ ਸੋਚ ਲਵੋ, ਕਿਉਂਕਿ ਅਜਿਹਾ ਕਰਨ ਨਾਲ ਲੂ ਲੱਗਣ ਦੀ ਸੰਭਾਵਨਾ ਹੋਰ ਵੀ ਵਧ ਜਾਂਦੀ ਹੈ। ਇੰਨਾ ਹੀ ਨਹੀਂ ਖਾਲੀ ਪੇਟ ਰਹਿਣ ਨਾਲ ਕਈ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
ਕੀ ਹੁੰਦਾ ਹੈ ਜਦੋਂ ਤੁਸੀ ਖ਼ਾਲੀ ਪੇਟ ਹੁੰਦੇ ਹੋ ?
ਜੇਕਰ ਸਵੇਰ ਦਾ ਨਾਸ਼ਤਾ ਛੱਡਣਾ ਤੁਹਾਡੀ ਆਦਤ ਬਣ ਚੁੱਕਿਆ ਹੈ ਤਾਂ ਤੁਹਾਨੂੰ ਇਸ ਆਦਤ ਨੂੰ ਬਦਲਣ ਦੀ ਬਹੁਤ ਜ਼ਰੂਰਤ ਹੈ। ਲੰਬੇ ਸਮੇਂ ਤੱਕ ਖਾਲੀ ਪੇਟ ਰਹਿਣ ਨਾਲ ਅਤੇ ਇਸ ਨੂੰ ਇੱਕ ਆਦਤ ਬਣਾ ਲੈਣ ਨਾਲ ਤੁਹਾਨੂੰ ਗੈਸਟ੍ਰੋਪੇਰਿਸਿਸ ਦੀ ਸਮੱਸਿਆ ਹੋ ਸਕਦੀ ਹੈ। ਜਿਸ ਨਾਲ ਤੁਹਾਨੂੰ ਬੇਚੈਨੀ, ਉਲਟੀ, ਪੇਟ ਭਰਿਆ ਅਤੇ ਫੁੱਲਿਆ ਹੋਇਆ ਮਹਿਸੂਸ ਹੋਣਾ ਪੇਟ ਦਾ ਹੌਲੀ-ਹੌਲੀ ਖਾਲੀ ਹੋਣ ਦੀ ਸਮੱਸਿਆ ਹੋ ਸਕਦੀ ਹੈ।
ਇਸ ਤੋਂ ਇਲਾਵਾ ਖਾਲੀ ਪੇਟ ਰਹਿਣ ਨਾਲ ਤੁਹਾਡੇ ਸਰੀਰ ‘ਚ ਗੁਲੂਕੋਜ਼, ਅਮੀਨੋ ਐਸਿਡ ਅਤੇ ਫੈਟੀ ਐਸਿਡ ਦਾ ਪੱਧਰ ਘਟ ਜਾਂਦਾ ਹੈ, ਜੋ ਕਿ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਮੁੱਖ ਤੱਤ ਹਨ।
ਜ਼ਿਆਦਾ ਦੇਰ ਤੱਕ ਖਾਲੀ ਪੇਟ ਰਹਿਣ ਨਾਲ ਤੁਹਾਨੂੰ ਲੂ ਲੱਗ ਸਕਦੀ ਹੈ। ਗਰਮੀਆਂ ਵਿੱਚ ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਤੇਜ਼ ਧੁੱਪ ਕਾਰਨ ਸਰੀਰ ਡੀਹਾਈਡ੍ਰੇਟ ਹੋਣ ਲੱਗਦਾ ਹੈ ਤੇ ਖਾਲੀ ਪੇਟ ਹੋਣ ਕਾਰਨ ਊਰਜਾ ਦਾ ਪੱਧਰ ਵੀ ਤੇਜ਼ੀ ਨਾਲ ਡਿੱਗਣ ਲੱਗਦੀ ਹੈ। ਲੂ ਲੱਗਣ ਨਾਲ ਸਰੀਰ ਦਾ ਤਾਪਮਾਨ ਅਚਾਨਕ ਵਧ ਜਾਂਦਾ ਹੈ, ਥਕਾਵਟ ਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ, ਸਾਹ ਤੇਜ਼ੀ ਨਾਲ ਚੱਲਣ ਲੱਗਦੇ ਹਨ ਤੇ ਕਈ ਵਾਰ ਉਲਟੀ ਤੱਕ ਹੋ ਜਾਂਦੀ ਹੈ।
ਤੇਜ਼ ਧੁੱਪ ‘ਚ ਬਲੱਡ ਪ੍ਰੈਸ਼ਰ ਡਿੱਗਣਾ ਆਮ ਗੱਲ ਹੈ ਕਿਉਂਕਿ ਸਾਡਾ ਸਰੀਰ ਖਾਣਾ ਖਾਣ ਦੇ ਬਾਵਜੂਦ ਊਰਜਾ ਪ੍ਰਾਪਤ ਨਹੀਂ ਕਰ ਪਾਉਂਦਾ ਅਜਿਹੇ ‘ਚ ਜੇਕਰ ਤੁਹਾਡਾ ਪੇਟ ਖਾਲੀ ਰਹੇਗਾ ਤਾਂ ਬਲੱਡ ਪ੍ਰੈੱਸ਼ਰ ਘਟਣ ਦੀ ਸੰਭਾਵਨਾ ਵਧ ਜਾਂਦੀ ਹੈ।