ਜੌਹਾਨਸਬਰਗ: ਅਫ਼ਰੀਕਾ ਦੀ ਸਰਕਾਰੀ ਸੰਸਥਾਵਾਂ ਅਤੇ ਸੂਬਾ ਸਰਕਾਰ ਵਿਚ ਅਰਬਾਂ ਰੈਂਡ (ਸਥਾਨਕ ਕਰੰਸੀ) ਦੀ ਧੋਖਾਧੜੀ ਦੇ ਮੁਲਜ਼ਮ ਤਿੰਨ ਗੁਪਤਾ ਭਰਾਵਾਂ ਨੂੰ ਹੁਣ ਦੱਖਣੀ ਅਫ਼ਰੀਕਾ ਵਾਪਸ ਲਿਆਉਣ ਦੇ ਲਈ ਕੌਮਾਂਤਰੀ ਪੱਧਰ ’ਤੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਅਜੇ, ਅਤੁਲ ਅਤੇ ਰਾਜੇਸ਼ ਗੁਪਤਾ ਤਿੰਨਾਂ ਭਰਾਵਾਂ ’ਤੇ ਸਾਬਕਾ ਰਾਸ਼ਟਰਪਤੀ ਜੈਕਬ ਜੁੰਮਾ ਦੇ ਨਾਲ ਨਜ਼ਦੀਕੀ ਦੇ ਕਾਰਨ ਵੱਡੇ ਪੱਧਰ ’ਤੇ ਅਰਬਾਂ ਸਥਾਨਕ ਕਰੰਸੀ ਗਬਨ ਕਰਨ ਦਾ ਦੋਸ਼ ਹੈ।
ਘੁਟਾਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਉਹ ਦੱਖਣੀ ਅਫ਼ਰੀਕਾ ਤੋਂ ਭੱਜ ਗਏ ਸੀ। ਉਨ੍ਹਾਂ ਦੇ ਖ਼ਿਲਾਫ਼ ਕਾਫੀ ਪ੍ਰਦਰਸ਼ਨ ਵੀ ਹੋਏ ਸੀ। ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਰਾਮਾਫੋਸਾ ਨੇ ਪਹਿਲੀ ਵਾਰ ਇਹ ਮੰਨਿਆ ਸੀ ਕਿ ਅਫ਼ਰੀਕੀ ਨੈਸ਼ਨਲ ਕਾਂਗਰਸ ਦੇ ਅੰਦਰ ਮਤਭੇਦਾਂ ਦੇ ਕਾਰਨ ਦੇਸ਼ ਵਿਚ ਘੁਟਾਲੇ ਵਿਚ ਕਥਿਤ ਤੌਰ ’ਤੇ ਸ਼ਾਮਲ ਗੁਪਤਾ ਪਰਵਾਰ ਦੇ ਖ਼ਿਲਾਫ ਉਚਿਤ ਕਾਰਵਾਈ ਨਹੀਂ ਹੋ ਸਕੀ।
ਮੰਨਿਆ ਜਾਂਦਾ ਹੈ ਕਿ ਗੁਪਤਾ ਅਤੇ ਉਨ੍ਹਾਂ ਦੇ ਪਰਵਾਰ ਦੁਬਈ ਵਿਚ ਰਹਿ ਰਹੇ ਹਨ ਜਿਸ ਦੇ ਨਾਲ ਦੱਖਣੀ ਅਫ਼ਰੀਕਾ ਨੇ ਇਸ ਸਾਲ ਜੂਨ ਵਿਚ ਇੱਕ ਹਵਾਲਗੀ ਸੰਧੀ ’ਤੇ ਹਸਤਾਖਰ ਕੀਤੇ ਲੇਕਿਨ ਉਨ੍ਹਾਂ ਵਾਪਸ ਲਿਆਉਣ ਦੇ ਦੇਸ਼ ਦੀ ਮੰਗ ’ਤੇ ਬਹੁਤ ਘੱਟ ਪ੍ਰਗਤੀ ਹੋਈ ਹੈ, ਨਾਲ ਹੀ ਉਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਵਾਰੰਟ ਜਾਰੀ ਕੀਤੇ ਜਾ ਚੁੱਕੇ ਹਨ। ਅਜਿਹੀ ਵੀ ਅਟਕਲਾਂ ਹਨ ਕਿ ਪਰਵਾਰ ਦੇ ਕੁਝ ਮੈਂਬਰ ਭਾਰਤ ਵਿਚ ਹੋ ਸਕਦੇ ਹਨ।
ਅਹਿਮ ਕਥਰਾਡਾ ਫਾਊਂਡੇਸ਼ਨ ਵਲੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਨੂੰ ਭ੍ਰਿਸ਼ਟਾਚਾਰ ਨਾਲ ਲੜਨ ਵਾਲੇ ਸਥਾਨਕ ਅਤੇ ਵਿਦੇਸ਼ਾਂ ਵਿਚ ਕਈ ਸੰਗਠਨਾਂ ਤੋਂ ਸਮਰਥਨ ਪ੍ਰਾਪਤ ਹੋਇਆ। ਦੱਸ ਦੇਈਏ ਕਿ ਅਜੇ, ਅਤੁਲ ਅਤੇ ਰਾਜੇਸ਼ ਗੁਪਤਾ 1994 ਵਿਚ ਅਪਣੇ ਪਰਵਾਰਾਂ ਦੇ ਨਾਲ ਦੱਖਣੀ ਅਫ਼ਰੀਕਾ ਆ ਗਏ ਸੀ। ਦੱਖਣੀ ਅਫ਼ਰੀਕਾ ਦੇ ਅਧਿਕਾਰੀਆਂ ਨੇ ਉਨ੍ਹਾਂ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਕਿ ਇੱਥੇ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰ ਸਕਣ।