ਕੈਨੇਡਾ ‘ਚ ਇੱਕ ਹੋਰ ਪੰਜਾਬੀ ਗਾਇਕ ਦੇ ਘਰ ‘ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ, ਗੋਲਡੀ ਨੇ ਬਾਕੀ ਸਿੰਗਰਾਂ ਨੂੰ ਵੀ ਦਿੱਤੀ ਚਿਤਾਵਨੀ
ਟੋਰਾਂਟੋ: ਕੈਨੇਡਾ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੀ ਸਰਗਰਮੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਲਾਰੈਂਸ ਗੈਂਗ ਵੱਲੋਂ ਪੰਜਾਬੀ ਗਾਇਕ ਚੰਨੀ ਨੱਣ ਦੇ ਘਰ ਫਾਇਰਿੰਗ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਘਟਨਾ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ ਜੋ ਸੋਸ਼ਲ ਮੀਡੀਆ ‘ਤੇ ਵਾਇਰਲ
ਲਾਰੈਂਸ ਗੈਂਗ ਵੱਲੋਂ ਜਾਰੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਗੋਲੀਬਾਰੀ ਚੰਨੀ ਨੱਤਣ ਦੀ ਗਾਇਕ ਸਰਦਾਰ ਖਹਿਰਾ ਨਾਲ ਵੱਧਦੀ ਨੇੜਤਾ ਕਾਰਨ ਹੋਈ ਹੈ। ਗਾਇਕ ਸਰਦਾਰ ਖਹਿਰਾ ਨਾਲ ਕੰਮ ਕਰਨ ਵਾਲਾ ਕੋਈ ਵੀ ਵਿਅਕਤੀ ਆਪਣੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਵੇਗਾ।
ਲਾਰੈਂਸ ਬਿਸ਼ਨੋਈ ਵੱਲੋਂ ਜਾਰੀ ਇਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਗਿਆ ‘ਸਤਿ ਸ੍ਰੀ ਅਕਾਲ, ਮੈਂ ਗੋਲਡੀ ਢਿੱਲੋਂ (ਲਾਰੈਂਸ ਗੈਂਗ) ਹਾਂ। ਗਾਇਕ ਚੰਨੀ ਨੱਤਣ ਦੇ ਘਰ ਕੱਲ੍ਹ ਹੋਈ ਗੋਲੀਬਾਰੀ ਸਰਦਾਰ ਖਹਿਰਾ ਕਾਰਨ ਹੋਈ ਹੈ।
ਭਵਿੱਖ ਵਿੱਚ ਕੋਈ ਵੀ ਵਿਅਕਤੀ ਜਾਂ ਗਾਇਕ ਜਿਸਦਾ ਸਰਦਾਰ ਖਹਿਰਾ ਨਾਲ ਕੋਈ ਕੰਮ ਜਾਂ ਰਿਸ਼ਤਾ ਹੈ, ਉਹ ਆਪਣੇ ਨੁਕਸਾਨ ਲਈ ਖੁਦ ਜ਼ਿੰਮੇਵਾਰ ਹੋਵੇਗਾ, ਕਿਉਂਕਿ ਅਸੀਂ ਭਵਿੱਖ ਵਿੱਚ ਸਰਦਾਰ ਖਹਿਰਾ ਨੂੰ ਕਾਫ਼ੀ ਨੁਕਸਾਨ ਪਹੁੰਚਾਵਾਂਗੇ। ਸਾਡੀ ਚੰਨੀ ਨੱਤਣ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਪਰ ਖਹਿਰਾ ਨਾਲ ਕੰਮ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਇਹੀ ਹਾਲ ਹੋਵੇਗਾ।’

ਗੈਂਗ ਦੀ ਵਧ ਰਹੀ ਸਰਗਰਮੀ
ਇਸ ਤੋਂ ਪਹਿਲਾਂ ਵੀ ਕਾਮੇਡੀਅਨ ਕਪਿਲ ਸ਼ਰਮਾ ਦੇ ਰੈਸਟੋਰੈਂਟ ’ਤੇ ਕਈ ਵਾਰ ਫਾਇਰਿੰਗ ਦੀਆਂ ਘਟਨਾਵਾਂ ਦਰਜ ਹੋ ਚੁੱਕੀਆਂ ਹਨ। ਇਸ ਕਾਰਨ ਲਾਰੈਂਸ ਬਿਸ਼ਨੋਈ ਗੈਂਗ ਦੀ ਛਵੀ ’ਤੇ ਗੰਭੀਰ ਸਵਾਲ ਖੜੇ ਹੋ ਰਹੇ ਹਨ।
ਇਹ ਵੀ ਸਾਹਮਣੇ ਆਇਆ ਹੈ ਕਿ ਸਿਰਫ਼ ਲਾਰੈਂਸ ਗੈਂਗ ਹੀ ਨਹੀਂ, ਉਸਦੇ ਵਿਰੋਧੀ ਗਿਰੋਹ ਵੀ ਉਸਦੇ ਮੈਂਬਰਾਂ ’ਤੇ ਹਮਲੇ ਕਰ ਰਹੇ ਹਨ। ਕਈ ਵਾਰ ਗੈਂਗ ਮੈਂਬਰਾਂ ’ਤੇ ਗੋਲੀਆਂ ਚਲੀਆਂ ਹਨ ਅਤੇ ਕੁਝ ਦੀ ਮੌਤ ਵੀ ਹੋ ਚੁੱਕੀ ਹੈ।
ਅਮਰੀਕਾ ’ਚ ਹਾਲ ਹੀ ਦੀ ਘਟਨਾ
ਹਾਲ ਹੀ ਵਿੱਚ ਕੈਲੀਫ਼ੋਰਨੀਆ (ਯੂ.ਐਸ.ਏ.) ਵਿੱਚ ਲਾਰੈਂਸ ਗੈਂਗ ਦੇ ਕਥਿਤ ਮੈਂਬਰ ਬਨਵਾਰੀ ਗੋਦਾਰਾ ਦੀ ਹੱਤਿਆ ਹੋਈ ਸੀ। ਇਸ ਹਮਲੇ ਦੀ ਜ਼ਿੰਮੇਵਾਰੀ ਗੈਂਗਸਟਰ ਰੋਹਿਤ ਗੋਦਾਰਾ ਨੇ ਲੈਣ ਦਾ ਦਾਅਵਾ ਕੀਤਾ ਸੀ। ਉਸਨੇ ਇਹ ਵੀ ਕਿਹਾ ਸੀ ਕਿ ਉਸਨੇ ਲਾਰੈਂਸ ਗੈਂਗ ਦੇ ਹੋਰ ਮੈਂਬਰ ਹਰੀ ਬਾਕਸਰ ’ਤੇ ਵੀ ਹਮਲਾ ਕੀਤਾ ਸੀ, ਜਿਸ ਵਿੱਚ ਹਰੀ ਜ਼ਖ਼ਮੀ ਹੋਇਆ ਤੇ ਬਨਵਾਰੀ ਦੀ ਮੌਤ ਹੋ ਗਈ।
ਜੀਸ਼ਾਨ ਅਖ਼ਤਰ ਦੀ ਧਮਕੀ
ਇਸੇ ਦੌਰਾਨ ਜੀਸ਼ਾਨ ਅਖ਼ਤਰ ਨਾਮ ਦੇ ਵਿਅਕਤੀ ਨੇ ਵੀ ਲਾਰੈਂਸ ਗੈਂਗ ਨੂੰ ਖੁੱਲ੍ਹੀ ਧਮਕੀ ਦਿੱਤੀ ਹੈ। ਉਸਨੇ ਆਡੀਓ ਤੇ ਸੋਸ਼ਲ ਮੀਡੀਆ ਪੋਸਟ ਰਾਹੀਂ ਦਾਅਵਾ ਕੀਤਾ ਕਿ ਯੂਬਾ ਸਿਟੀ (ਅਮਰੀਕਾ) ਵਿੱਚ ਹੋਈ ਫਾਇਰਿੰਗ ਉਸਦੀ ਹੀ ਯੋਜਨਾ ਸੀ। ਪੋਸਟ ਵਿੱਚ ਲਿਖਿਆ ਸੀ, “ਜੋ ਲਾਰੈਂਸ ਬਿਸ਼ਨੋਈ ਨੂੰ ਫਾਇਨੈਂਸ਼ਲ ਸਹਾਇਤਾ ਕਰੇਗਾ, ਉਸਨੂੰ ਅਸੀਂ ਰੋਕਾਂਗੇ। ਅਗਲੀ ਵਾਰ ਚਿਤਾਵਨੀ ਨਹੀਂ — ਗੋਲੀ ਸਿੱਧੀ ਛਾਤੀ ’ਤੇ ਚਲੇਗੀ।”
ਜੀਸ਼ਾਨ ਅਖ਼ਤਰ ਕੌਣ ਹੈ?
ਜੀਸ਼ਾਨ ਅਖ਼ਤਰ ਬਾਬਾ ਸਿੱਦਕੀ ਕਤਲ ਕਾਂਡ ਨਾਲ ਜੁੜਿਆ ਹੋਇਆ ਇਕ ਮੋਸਟ ਵਾਂਟਡ ਵਿਅਕਤੀ ਦੱਸਿਆ ਜਾ ਰਿਹਾ ਹੈ। ਉਹ ਇਸ ਵੇਲੇ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। ਰਿਪੋਰਟਾਂ ਮੁਤਾਬਕ ਕਤਲ ਮਾਮਲੇ ਤੋਂ ਬਾਅਦ ਉਹ ਭਾਰਤ ਤੋਂ ਭੱਜ ਗਿਆ ਸੀ ਅਤੇ ਬਾਅਦ ਵਿੱਚ ਪਾਕਿਸਤਾਨ ਦੀਆਂ ਸੁਰੱਖਿਆ ਏਜੰਸੀਜ਼ ਨਾਲ ਸੰਬੰਧ ਬਣਾ ਲਏ।
ਅੰਤਰਰਾਸ਼ਟਰੀ ਪੱਧਰ ’ਤੇ ਚਿੰਤਾ
ਕੈਨੇਡਾ ਅਤੇ ਅਮਰੀਕਾ ਵਿੱਚ ਪੰਜਾਬੀ ਗੈਂਗਸਟਰਾਂ ਦੀਆਂ ਵਧਦੀਆਂ ਸਰਗਰਮੀਆਂ ਨੇ ਅੰਤਰਰਾਸ਼ਟਰੀ ਪੱਧਰ ’ਤੇ ਸੁਰੱਖਿਆ ਚਰਚਾ ਤੇਜ਼ ਕਰ ਦਿੱਤੀ ਹੈ। ਕਾਨੂੰਨੀ ਏਜੰਸੀਆਂ ਵੱਲੋਂ ਜਾਂਚ ਜਾਰੀ ਹੈ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ।

