ਨਵੀਂ ਦਿੱਲੀ: ਗਲੈਨਮਾਰਕ ਫਾਰਮਾਸਿਊਟੀਕਲਜ਼ ਨੇ ਕੋਰੋਨਾਵਾਇਰਸ ਨਾਲ ਮਾਮੂਲੀ ਰੂਪ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਐਂਟੀਵਾਇਰਲ ਦਵਾਈ ਫੇਵਿਪਿਰਾਵਿਰ (Favipiravir) ਨੂੰ ਫੈਬਿਫਲੂ (FabiFlu) ਬਰਾਂਡ ਦੇ ਨਾਮ ਨਾਲ ਪੇਸ਼ ਕੀਤਾ ਹੈ।
ਮੁੰਬਈ ਦੀ ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਸ ਨੂੰ ਡਰਗ ਕੰਟਰੋਲਰ ਜਨਰਲ ਆਫ ਇੰਡੀਆ (ਡੀਜੀਸੀਆਈ) ਵੱਲੋਂ ਇਸ ਦਵਾਈ ਦੀ ਮੈਨਿਉਫੈਕਚਰਿੰਗ ਅਤੇ ਮਾਰਕਿਟਿੰਗ ਦੀ ਆਗਿਆ ਮਿਲ ਗਈ ਹੈ।
ਕੰਪਨੀ ਨੇ ਕਿਹਾ ਕਿ ਫੈਬਿਫਲੂ ਕੋਵਿਡ-19 ਦੇ ਇਲਾਜ ਲਈ ਫੇਵਿਪਿਰਾਵਿਰ ਦਵਾਈ ਹੈ, ਜਿਸਨੂੰ ਮਨਜ਼ੂਰੀ ਮਿਲੀ ਹੈ। ਗਲੈਨਮਾਰਕ ਫਾਰਮਾਸਿਊਟੀਕਲਜ਼ ਦੇ ਚੇਅਰਮੈਨ ਅਤੇ ਡਾਇਰੈਕਟਰ ਗਲੈਨ ਸਲਦਾਨਹਾ ਨੇ ਕਿਹਾ, ‘ਇਹ ਮਨਜ਼ੂਰੀ ਅਜਿਹੇ ਸਮੇਂ ਮਿਲੀ ਹੈ ਜਦੋਂ ਭਾਰਤ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਪਹਿਲਾਂ ਨਾਲੋਂ ਜ਼ਿਆਦਾ ਤੇਜੀ ਨਾਲ ਵੱਧ ਰਹੇ ਹਨ। ਇਸ ਨਾਲ ਸਾਡੀ ਸਿਹਤ ਸੇਵਾ ਪ੍ਰਣਾਲੀ ਕਾਫ਼ੀ ਦਬਾਅ ਵਿੱਚ ਹੈ ’ ਉਨ੍ਹਾਂ ਨੇ ਉਮੀਦ ਜਤਾਈ ਕਿ ਫੈਬਿਫਲੂ ਵਰਗੇ ਅਸਰਦਾਰ ਇਲਾਜ ਨਾਲ ਇਸ ਦਬਾਅ ਨੂੰ ਕਾਫ਼ੀ ਹੱਦ ਤੱਕ ਘੱਟ ਕਰਨ ਵਿੱਚ ਸਹਾਇਤਾ ਮਿਲੇਗੀ।
ਸਲਦਾਨਹਾ ਨੇ ਕਿਹਾ ਕਿ ਕਲਿਨਿਕਲ ਪ੍ਰੀਖਣਾਂ ਵਿੱਚ ਫੈਬਿਫਲੂ ਨੇ ਕੋਰੋਨਾ ਵਾਇਰਸ ਦੇ ਹਲਕੇ ਲੱਛਣ ਪੀੜਤ ਮਰੀਜ਼ਾਂ ‘ਤੇ ਚੰਗੇ ਨਤੀਜੇ ਦਿਖਾਏ। ਉਨ੍ਹਾਂ ਨੇ ਕਿਹਾ ਕਿ ਕੰਪਨੀ ਸਰਕਾਰ ਅਤੇ ਚਿਕਿਤਸਾ ਭਾਈਚਾਰੇ ਨਾਲ ਮਿਲਕੇ ਕੰਮ ਕਰੇਗੀ ਤਾਂਕਿ ਦੇਸ਼ਭਰ ਵਿੱਚ ਮਰੀਜ਼ਾਂ ਨੂੰ ਇਹ ਦਵਾਈ ਆਸਾਨੀ ਨਾਲ ਮਿਲ ਸਕੇ। ਇਹ ਦਵਾਈ ਡਾਕਟਰ ਦੀ ਸਲਾਹ ‘ਤੇ 103 ਰੁਪਏ ਪ੍ਰਤੀ ਗੋਲੀ ਦੇ ਹਿਸਾਬ ਨਾਲ ਮਿਲੇਗੀ।