ਦੇਹਰਾਦੂਨ :- ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ ’ਚ ਨੰਦਾ ਦੇਵੀ ਗਲੇਸ਼ੀਅਰ ’ਚੋਂ ਬਰਫ਼ ਦੇ ਵੱਡੇ ਤੋਦੇ ਡਿੱਗਣ ਕਰਕੇ ਆਈ ਜਲ-ਪਰਲੋ ਨੇ ਅਲਕਨੰਦਾ ਨਦੀ ਵਿੱਚ ਵੱਡੀ ਤਬਾਹੀ ਮਚਾਈ। ਹਾਲਾਂਕਿ ਹੜ੍ਹ ਦਾ ਪਾਣੀ ਮਗਰੋਂ ਧੌਲੀ ਗੰਗਾ, ਰਿਸ਼ੀ ਗੰਗਾ ਤੇ ਅਲਕਨੰਦਾ ਨਦੀਆਂ ‘ਚ ਵੰਡਿਆ ਗਿਆ। ਨਦੀਆਂ ‘ਚ ਪਾਣੀ ਦਾ ਪੱਧਰ ਵਧਣ ਕਰਕੇ ਵਾਤਾਵਰਨ ਪੱਖੋਂ ਨਾਜ਼ੁਕ ਹਿਮਾਲਿਆ ਦੀਆਂ ਉਪਰਲੀਆਂ ਟੀਸੀਆਂ ਨੂੰ ਵੱਡਾ ਨੁਕਸਾਨ ਪੁੱਜਾ ਤੇ ਨਦੀ ਕੰਢੇ ਬਣੇ ਘਰ ਤਬਾਹ ਹੋ ਗਏ।
ਦੱਸ ਦਈਏ ਇਸ ਘਟਨਾ ਕਰਕੇ ਰਿਸ਼ੀ ਗੰਗਾ ਪਣਬਿਜਲੀ ਪ੍ਰਾਜੈਕਟ ਪੂਰੀ ਤਰ੍ਹਾਂ ਤਬਾਹ ਹੋ ਗਿਆ ਜਦੋਂ ਕਿ ਐੱਨਟੀਪੀਸੀ ਤਪੋਵਨ ਵਿਸ਼ਨੂਗਾਡ ਪਣਬਿਜਲੀ ਪ੍ਰਾਜੈਕਟ ਨੂੰ ਵੀ ਨੁਕਸਾਨ ਪੁੱਜਾ। ਸੁਰੰਗਾਂ ‘ਚ ਪਾਣੀ ਭਰਨ ਨਾਲ ਇਸ ‘ਚ ਕੰਮ ਕਰ ਰਹੇ ਵੱਡੀ ਗਿਣਤੀ ਮਜ਼ਦੂਰ ਫਸ ਗਏ। ਹਾਲ ਦੀ ਘੜੀ ਸੱਤ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਜਦੋਂਕਿ 125 ਵਿਅਕਤੀ ਅਜੇ ਵੀ ਲਾਪਤਾ ਦੱਸੇ ਜਾਂਦੇ ਹਨ। ਤਪੋਵਨ ਪ੍ਰਾਜੈਕਟ ’ਚ ਲੱਗੇ 16 ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਸੂਬੇ ਦੇ ਪੁਲੀਸ ਮੁਖੀ ਅਸ਼ੋਕ ਕੁਮਾਰ ਨੇ ਕਿਹਾ ਕਿ ਹਾਲਾਤ ਕਾਬੂ ਹੇਠ ਹਨ ਪਰ ਨਦੀਆਂ ‘ਚ ਇੱਕੋ ਦਮ ਆਏ ਹੜ੍ਹ ਕਰਕੇ ਦੋਵੇਂ ਪਣਬਿਜਲੀ ਪ੍ਰਾਜੈਕਟ ਇਸ ਦੇ ਵਹਾਅ ‘ਚ ਰੁੜ ਗਏ। ਇਹਤਿਆਤ ਵਜੋਂ ਕਈ ਪਿੰਡਾਂ ਨੂੰ ਖਾਲੀ ਕਰਵਾ ਕੇ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਲਿਜਾਇਆ ਗਿਆ ਹੈ।
ਇਸ ਦੌਰਾਨ ਰਾਸ਼ਟਰਪਤੀ ਰਾਮ ਨਾਥ ਕੋਵਿੰਦ,ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਸਮੇਤ ਹੋਰਨਾਂ ਸ਼ਖ਼ਸੀਅਤਾਂ ਨੇ ਇਸ ਘਟਨਾ ’ਤੇ ਦੁੱਖ ਦਾ ਇਜ਼ਹਾਰ ਕੀਤਾ ਹੈ।