ਫਤਹਿਗੜ ਸਾਹਿਬ :ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਧਰਨਾਕਾਰੀ ਸਿੱਖ ਸੰਗਤ ਨੂੰ ਕਲੀਨ ਚਿੱਟ ਦਿੱਤੇ ਜਾਣ ਦੇ ਫੈਸਲੇ ਦਾ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਵੱਲੋਂ ਸਵਾਗਤ ਕੀਤਾ ਗਿਆ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਸਿੱਖ ਧਰਨਕਾਰੀ ਸੰਗਤ ਤਾਂ ਮਹਿਜ਼ ਇਨਸਾਫ ਮੰਗਣ ਲਈ ਆਪਣਾ ਪ੍ਰਦਰਸ਼ਨ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸਿੱਖ ਧਰਨਾਕਾਰੀ ਸੰਗਤ ਨੂੰ ਨਾਮਜ਼ਦ ਕਰਨਾ ਗਲਤ ਸੀ, ਜਦਕਿ ਉਹ ਤਾਂ ਸਿਰਫ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਜਥੇਦਾਰ ਪੰਜੋਲੀ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਪੈਰੋਕਾਰਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਬੇਅਦਬੀ ਕੀਤੀ, ਜਿਸ ਮਗਰੋਂ ਮਾਹੌਲ ਖਰਾਬ ਹੋਇਆ, ਪ੍ਰੰਤੂ ਅਫਸੋਸ ਕਿ ਪਿਛਲੀਆਂ ਸਰਕਾਰਾਂ ਸਿੱਖ ਸੰਗਤਾਂ ਨੂੰ ਇਨਸਾਫ ਦੇਣ ’ ਵਿੱਚ ਅਸਫਲ ਰਹੀਆਂ ਹਨ l ਜਥੇਦਾਰ ਪੰਜੋਲੀ ਨੇ ਡੇਰਾ ਮੁਖੀ ਰਾਮ ਰਹੀਮ ਨੂੰ ਪੈਰੋਲ ਦਿੱਤੇ ਜਾਣ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਇਕ ਪਾਸੇ ਤਾਂ ਬੰਦੀ ਸਿੱਖਾਂ ਨੂੰ ਰਿਹਾਈ ਤੋਂ ਸਰਕਾਰਾਂ ਭੱਜ ਰਹੀਆਂ ਹਨ ਅਤੇ ਪੈਰੋਲ ਦੇਣ ਤੋਂ ਵੀ ਟਾਲਾ ਵੱਟਦੀਆਂ ਹਨ। ਦੂਜੇ ਪਾਸੇ ਡੇਰਾ ਮੁਖੀ ਨੂੰ ਵਾਰ ਵਾਰ ਪੈਰੋਲ ਦੇ ਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੈਰੋਲ ਦੇ ਬਹਾਨੇ ਜੇਲ੍ਹ ਤੋਂ ਬਾਹਰ ਆ ਕੇ ਡੇਰਾ ਮੁਖੀ ਪ੍ਰੇਮੀਆਂ ਨੂੰ ਲਾਮਬੰਦ ਕਰਦਾ ਅਤੇ ਭਾਵਨਾਵਾਂ ਦੇ ਉਲਟ ਅਮਨ ਸ਼ਾਂਤੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਰ ਆਏ ਦਰੁਸਤ ਆਏ, ਪ੍ਰੰਤੂ ਮੌਜੂਦਾ ਸਰਕਾਰ ਨੇ ਮੁੜ ਤੋਂ ਕੋਟਕਪੂਰਾ ਕੇਸ ਵਿਚ ਕਈਆਂ ਨੂੰ ਨਾਮਜ਼ਦ ਕਰਕੇ ਮੁੜ ਤੋਂ ਇਨਸਾਫ ਦੀ ਆਸ ਵੀ ਜਗਾ ਦਿੱਤੀ ਹੈ। ਜਥੇਦਾਰ ਪੰਜੋਲੀ ਨੇ ਕਿਹਾ ਕਿ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਦੋਸ਼ੀ ਕੋਈ ਵੀ ਹੋਵੇ ਬਖਸ਼ਿਆ ਨਹੀਂ ਜਾਣਾ ਚਾਹੀਦਾ।