ਜਲੰਧਰ : ਪੰਜਾਬ ਦੇ ਦੌਰੇ ‘ਤੇ ਆਏ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੁੱਧਵਾਰ ਨੂੰ ਜਲੰਧਰ ਪਹੁੰਚੇ। ਇੱਥੇ ਉਨ੍ਹਾਂ ‘ਵਪਾਰੀਆਂ ਅਤੇ ਕਾਰੋਬਾਰੀਆਂ’ ਲਈ ਰੱਖੇ ਖਾਸ ਪ੍ਰੋਗਰਾਮ ਦੌਰਾਨ ਉਨ੍ਹਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਕੇਜਰੀਵਾਲ ਨੇ ਕਿਹਾ, ‘ਇਕ ਮੌਕਾ ਸਾਨੂੰ (ਆਮ ਆਦਮੀ ਪਾਰਟੀ) ਵੀ ਦਿੱਤਾ ਜਾਵੇ, ਅਸੀਂ ਸੂਬੇ ਵਿੱਚ ਸਰਕਾਰ ਬਣਾ ਕੇ ਇਸਨੂੰ ਤਰੱਕੀ ਵੱਲ ਲੈ ਕੇ ਜਾਵਾਂਗੇ।’
ਕਾਰੋਬਾਰੀਆਂ ਅਤੇ ਵਪਾਰੀਆਂ ਨਾਲ ਚਰਚਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਵਪਾਰੀਆਂ ਤੋਂ ਪੈਸਾ ਨਹੀਂ ਚਾਹੀਦਾ, ਅਸੀਂ ਵਾਪਰੀਆਂ ਨੂੰ ਪੰਜਾਬ ਦੀ ਤਰੱਕੀ ਦਾ ਹਿੱਸਾ ਬਣਾਉਣਾ ਚਾਹੁੰਦੇ ਹਾਂ।
ਕੇਜਰੀਵਾਲ ਨੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਅਤੇ ਕੀਤੇ ਜਾ ਚੁੱਕੇ ਕੰਮਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਸਾਡੀ ਸਰਕਾਰ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਬਿਹਤਰੀ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਵਿੱਚ ਵੀ ਇਸੇ ਲੀਹ ‘ਤੇ ਕੰਮ ਕਰਨਾ ਚਾਹੁੰਦੇ ਹਾਂ।
ਕੇਜਰੀਵਾਲ ਨੇ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਅਤੇ ਸਰਕਾਰ ਦੇਣ ਦਾ ਵਾਅਦਾ ਕਰਦੇ ਹੋਏ ਕਿਹਾ ਕਿ ਜੇ ਸਿਖਰ ‘ਤੇ ਇਕ ਇਮਾਨਦਾਰ ਮੁੱਖ ਮੰਤਰੀ ਅਤੇ ਕੈਬਨਿਟ ਹੈ ਤਾਂ ਮੈਂ ਚੁਣੌਤੀ ਦੇ ਸਕਦਾ ਹਾਂ ਕਿ ਹੇਠਾਂ ਦਿੱਤਾ ਸਾਰਾ ਢਾਂਚਾ ਠੀਕ ਰਹੇਗਾ।
ਉਨ੍ਹਾਂ ਕਿਹਾ ਕਿ ਸਰਕਾਰ ਅਤੇ ਵਪਾਰੀਆਂ ਵਿਚਕਾਰ ਬਹਿਤਰ ਤਾਲਮੇਲ ਬਣਾਵਾਂਗੇ ਤਾਂ ਜੋ ਉਹਨਾਂ ਨੂੰ ਪੇਸ਼ ਆਉਂਦੀਆਂ ਔਕੜਾਂ ਦਾ ਤੁਰੰਤ ਸਮਾਧਾਨ ਕੀਤਾ ਜਾ ਸਕੇ।
ਇਸ ਮੌਕੇ ਵੱਡੀ ਗਿਣਤੀ ਕਾਰੋਬਾਰੀ ਅਤੇ ਵਪਾਰੀਆਂ ਨੇ ਆਪਣੀਆਂ ਸਮੱਸਿਆਵਾਂ ਕੇਜਰੀਵਾਲ ਨਾਲ ਸਾਂਝੀਆਂ ਕੀਤੀਆਂ।
ਕੇਜਰੀਵਾਲ ਨੇ ਵਾਅਦਾ ਕੀਤਾ ਕਿ ਸਰਕਾਰ ਬਣਨ ‘ਤੇ ਇੱਕ ਅਜਿਹਾ ਸਿਸਟਮ ਬਣਾਇਆ ਜਾਵੇਗਾ, ਜਿਸ ਵਿਚ ਮੌਜੂਦਾ ਉਦਯੋਗਾਂ ਨੂੰ ਸਰਕਾਰ ਦੇ ਨਾਲ ਸਮਾਂ ਬਰਬਾਦ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਉਹ ਆਪਣੇ ਕਾਰੋਬਾਰ ਵਿਚ ਆਪਣਾ ਸਮਾਂ ਲਗਾਉਣਗੇ।
ਕੇਜਰੀਵਾਲ ਨੇ ਪੰਜਾਬ ਦੇ ਵਪਾਰੀਆਂ ਲਈ 10 ਵੱਡੇ ਐਲਾਨ ਕੀਤੇ;
- ਬਿਜਲੀ 24 ਘੰਟੇ 7 ਦਿਨ ਦਿੱਤੀ ਜਾਵੇਗੀ
- ਇੰਸੈਪਕਟਰ ਰਾਜ (ਲਾਲ ਫੀਤਾਸ਼ਾਹੀ) ਦਾ ਹੋਵੇਗਾ ਖ਼ਾਤਮਾ
- 3 ਤੋਂ 6 ਮਹੀਨਿਆਂ ਦੇ ਅੰਦਰ ਸਾਰੇ ‘ਵੈਟ’ ਹੋਣਗੇ ਰਿਫੰਡ
- ਵਾਧੂ ਚਾਰਜ ਦਾ ਹੋਵੇਗਾ ਖ਼ਾਤਮਾ
- ਉਦਯੋਗ ਲਈ ਮੁੱਢਲੇ ਢਾਂਚੇ ਨੂੰ ਠੀਕ ਕੀਤਾ ਜਾਵੇਗਾ
- ਹਫ਼ਤਾ ਸਿਸਟਮ ਦਾ ਹੋਵੇਗਾ ਖ਼ਾਤਮਾ
- ਗੁੰਡਾ ਟੈਕਸ ਹੋਵੇਗਾ ਖ਼ਤਮ
- ਪੰਜਾਬ ਦੀ ਤਰੱਕੀ ਲਈ ਸਾਂਝੇਦਾਰੀ ਦੇ ਰੂਪ ‘ਚ ਕੀਤਾ ਜਾਵੇਗਾ ਕੰਮ
- ਪੰਜਾਬ ‘ਚ ਬਣਾਵਾਂਗੇ ਸ਼ਾਂਤੀਪੂਰਨ ਮਾਹੌਲ
- ਛੋਟੇ ਵਪਾਰੀਆਂ ਨੂੰ ਬੜਾਵਾ ਦਿੱਤਾ ਜਾਵੇਗਾ
ਇਸ ਮੌਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ ਅਤੇ ਅਮਨ ਅਰੋੜਾ ਵੀ ਹਾਜ਼ਰ ਸਨ।