ਓਟਾਵਾ : ਕੈਨੇਡਾ ’ਚ ਸਾਲ 2014 ਨੂੰ ਹੋਏ ਜਗਤਾਰ ਕੌਰ ਗਿੱਲ ਦੇ ਕਤਲ ਮਾਮਲੇ ‘ਚ ਜਗਤਾਰ ਦੇ ਪਤੀ ਭੁਪਿੰਦਰ ਗਿੱਲ ਅਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਕੋਰਟ ਨੇ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ ਹੈ। ਜਗਤਾਰ ਕੌਰ ਦੇ ਪਤੀ ਭੁਪਿੰਦਰ ਗਿੱਲ ਅਤੇ ਗੁਰਪ੍ਰੀਤ ਰੋਨਾਲਡ ਦੇ ਨਾਜਾਇਜ਼ ਸਬੰਧ ਸਨ ਅਤੇ ਜਗਤਾਰ ਕੌਰ ਦੋਹਾਂ ਵਿਚਾਲੇ ਅੜਿੱਕਾ ਬਣ ਰਹੀ ਸੀ, ਜਿਸ ਨੂੰ ਰਾਹ ‘ਚੋਂ ਹਟਾਉਣ ਲਈ ਉਨਾਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ।
ਅਦਾਲਤ ਨੇ ਸਖ਼ਤ ਸਜ਼ਾ ਸੁਣਾਉਂਦਿਆਂ ਕਿਹਾ ਕਿ ਦੋਹਾਂ ਨੂੰ 25 ਸਾਲ ਤੱਕ ਕੋਈ ਪੈਰੋਲ ਨਹੀਂ ਮਿਲੇਗੀ। ਕੋਰਟ ਨੇ ਬੀਤੇ ਅਗਸਤ ਮਹੀਨੇ ਵਿੱਚ ਭੁਪਿੰਦਰ ਗਿੱਲ ਤੇ ਉਸ ਦੀ ਪ੍ਰੇਮਿਕਾ ਗੁਰਪ੍ਰੀਤ ਰੋਨਾਲਡ ਨੂੰ ਜਗਤਾਰ ਗਿੱਲ ਦੇ ਕਤਲ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ’ਤੇ ਫਸਟ ਡਿਗਰੀ ਮਰਡਰ ਦੇ ਦੋਸ਼ ਆਇਦ ਕੀਤੇ ਸਨ।

ਇਸ ਪ੍ਰੇਮੀ ਜੋੜੇ ਨੂੰ 2016 ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ, ਪਰ ਇੱਕ ਅਪੀਲ ਤੋਂ ਬਾਅਦ ਨਵਾਂ ਮੁਕੱਦਮਾ ਚਲਾਇਆ ਗਿਆ ਸੀ।
ਦੱਸ ਦਈਏ ਕਿ ਤਿੰਨ ਬੱਚਿਆਂ ਦੀ ਮਾਂ 43 ਸਾਲਾ ਜਗਤਾਰ ਕੌਰ ਗਿੱਲ ਦਾ ਉਸ ਦੇ ਵਿਆਹ ਦੀ 17ਵੀਂ ਵਰ੍ਹੇਗੰਢ ਮੌਕੇ 29 ਜਨਵਰੀ 2014 ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਓਟਾਵਾ ਦੇ ਬਰਹੈਵਨ ਸਬਰਬ ਸਥਿਤ ਉਸ ਦੇ ਘਰ ਵਿੱਚੋਂ ਹੀ ਖੂਨ ਨਾਲ ਲਥਪਥ ਉਸ ਦੀ ਲਾਸ਼ ਬਰਾਮਦ ਹੋਈ ਸੀ।
ਅਦਾਲਤ ਨੇ ਫ਼ੈਸਲਾ ਸੁਣਾਉਂਦਿਆਂ ਕਿਹਾ ਕਿ ਇਹ ਗੱਲ ਸਮਝ ਤੋਂ ਬਾਹਰ ਹੈ ਕਿ ਜੇ ਦੋਵਾਂ ਨੇ ਇਕੱਠੇ ਰਹਿਣ ਦਾ ਮਨ ਬਣਾ ਲਿਆ ਸੀ ਤਾਂ ਉਹ ਤਲਾਕ ਵੀ ਲੈ ਸਕਦੇ ਸਨ ਪਰ ਉਨ੍ਹਾਂ ਨੇ ਕਤਲ ਦਾ ਰਾਹ ਕਿਉਂ ਚੁਣਿਆ। ਫ਼ੈਸਲੇ ਮੁਤਾਬਕ ਗੁਰਪ੍ਰੀਤ ਰੋਨਾਲਡ ਨੇ ਕਤਲ ਨੂੰ ਅੰਜਾਮ ਦਿੱਤਾ ਅਤੇ ਜਗਤਾਰ ਕੌਰ ਗਿੱਲ ’ਤੇ ਚਾਕੂ ਨਾਲ ਘੱਟੋ-ਘੱਟ 25 ਵਾਰ ਕੀਤੇ ਜਦਕਿ ਲੋਹੇ ਦੀ ਰਾਡ ਨਾਲ ਮਾਰ-ਮਾਰ ਕੇ ਜ਼ਖਮੀ ਕਰ ਦਿੱਤਾ।