ਗਿਆਨੀ ਰਘਬੀਰ ਸਿੰਘ ਨੇ SGPC ’ਤੇ ਲਾਏ ਇਲਜ਼ਾਮਾਂ ਦਾ ਐਡਵੋਕੇਟ ਧਾਮੀ ਤੋਂ 72 ਘੰਟਿਆਂ ’ਚ ਮੰਗਿਆ ਜਵਾਬ

Global Team
3 Min Read

ਅੰਮ੍ਰਿਤਸਰ :ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਆਪਣੇ ਵੱਲੋਂ 18 ਫਰਵਰੀ ਨੂੰ ਜਲੰਧਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਖੜੇ ਕੀਤੇ ਕਰਪਸ਼ਨ ਦੇ ਸਵਾਲਾਂ ਦੇ ਜਵਾਬ ਪ੍ਰਧਾਨ ਐਡਵੇਕਟ ਹਰਜਿੰਦਰ ਸਿੰਘ ਧਾਮੀ ਨੂੰ 72 ਘੰਟਿਆਂ ਦਾ ਅਲਟੀਮੇਟਮ ਜਾਰੀ ਕਰਕੇ ਮੰਗੇ ਹਨ।

ਜਾਰੀ ਵੀਡੀਓ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਮੇਰੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜੋ ਭ੍ਰਿਸ਼ਟਾਚਾਰ ਹੈ, ਉਹਦੇ ਮੁੱਦੇ ਉਠਾਏ ਸਨ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸੀ, ਇਸ ਲਈ ਮੈਨੂੰ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ 19 ਤਰੀਕ ਨੂੰ ਐਗਜੈਕਟਿਵ ਕਮੇਟੀ ਨੇ ਮੇਰੇ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਮੈਨੂੰ ਸਵਾਲ ਕਰਨ ਵਾਲੇ ਨੂੰ ਹੀ 72 ਘੰਟਿਆਂ ਦਾ ਨੋਟਿਸ ਦੇ ਕੇ ਮੇਰੇ ਕੋਲੋਂ ਜਵਾਬ ਮੰਗਿਆ ਹੈ।

ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪ੍ਰਧਾਨ 72 ਘੰਟਿਆਂ ਦੇ ਅੰਦਰ ਉਹਨਾਂ ਸਾਰੇ ਸਵਾਲਾਂ ਦੇ ਜਵਾਬ ਦੇਣ, ਜੋ ਉਨ੍ਹਾਂ ਵੱਲੋਂ ਐਸਜੀਪੀਸੀ ਦੇ ਕੰਮਕਾਜ ਨੂੰ ਲੈ ਕੇ ਚੁੱਕੇ ਗਏ ਹਨ। ਜੇਕਰ ਨਿਰਧਾਰਤ ਸਮੇਂ ਵਿੱਚ ਜਵਾਬ ਨਹੀਂ ਮਿਲਦੇ, ਤਾਂ 72 ਘੰਟਿਆਂ ਬਾਅਦ ਉਹ ਸੰਗਤ ਦੇ ਸਾਹਮਣੇ ਰੱਖਣਗੇ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਖੁਦ ਇਹ ਗੱਲ ਮੰਨੀ ਹੈ ਕਿ ਐਸਜੀਪੀਸੀ ਵਿੱਚ ਹਰ ਰੋਜ਼ 10 ਤੋਂ 15 ਘਪਲੇ ਹੋ ਰਹੇ ਹਨ। ਇਸੇ ਕਾਰਨ ਉਨ੍ਹਾਂ ਵੱਲੋਂ ਇਹ ਸਵਾਲ ਚੁੱਕੇ ਗਏ ਸਨ, ਪਰ ਹੁਣ ਪ੍ਰਧਾਨ ਇਨ੍ਹਾਂ ਸਵਾਲਾਂ ਤੋਂ ਭੱਜ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪ੍ਰੈਸ ਕਾਨਫਰੰਸ ਦੋਰਾਨ ਪ੍ਰਧਾਨ ਨੂੰ ਸਿੱਖ ਕੌਮ ਤੋਂ ਮਾਫ਼ੀ ਮੰਗਣੀ ਪਈ, ਜੋ ਆਪਣੇ ਆਪ ਵਿੱਚ ਵੱਡਾ ਸੰਕੇਤ ਹੈ। ਉਹਨਾਂ ਕਿਹਾ ਕਿ ਅੰਤਰਿਕ ਕਮੇਟੀ ਦੀ ਇਕੱਤਰਤਾ ਕਰਕੇ ਉਨ੍ਹਾਂ ਵੱਲੋਂ ਖੜੇ ਕੀਤੇ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ 72 ਘੰਟੇ ਦਾ ਸਮਾਂ ਦੇ ਕੇ ਸਪਸ਼ਟੀਕਰਨ ਮੰਗਿਆ ਹੈ ਜੋ ਉਹ ਸੰਗਤ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਸਿਰਫ਼ ਇਹ ਹੈ ਕਿ ਐਸਜੀਪੀਸੀ ਵਿੱਚ ਹੋ ਰਹੇ ਸਾਰੇ ਘਪਲਿਆਂ ਬਾਰੇ ਤਸੱਲੀਬਖ਼ਸ਼ ਅਤੇ ਪਾਰਦਰਸ਼ੀ ਜਵਾਬ ਦਿੱਤੇ ਜਾਣ। ਜੇਕਰ 72 ਘੰਟਿਆਂ ਵਿੱਚ ਜਵਾਬ ਨਹੀਂ ਮਿਲਦੇ, ਤਾਂ ਸਾਰੇ ਮਸਲੇ ਸਬੂਤਾਂ ਸਮੇਤ ਸੰਗਤ ਅੱਗੇ ਰੱਖੇ ਜਾਣਗੇ। ਗਿਆਨੀ ਰਘਬੀਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਹਰ ਸਵਾਲ ਨਾਲ ਜੁੜੇ ਪੱਕੇ ਸਬੂਤ ਮੌਜੂਦ ਹਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment