ਜਗਤਾਰ ਸਿੰਘ ਸਿੱਧੂ;
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੋ ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਣਾਏ ਫੈਸਲੇ ਲਾਗੂ ਕਰਨ ਲਈ ਅਕਾਲੀ ਦਲ ਨੂੰ ਆਨਾਕਰਨੀ ਵਿਰੁਧ ਤਾੜਨਾ ਕੀਤੀ ਹੈ। ਅਸਲ ਵਿੱਚ ਦੋ ਦਸੰਬਰ ਦੇ ਫੈਸਲੇ ਬਾਅਦ ਸਿੰਘ ਸਾਹਿਬ ਦਾ ਮੀਡੀਆ ਵਿੱਚ ਇਹ ਪਹਿਲਾ ਬਿਆਨ ਆਇਆ ਹੈ, ਜਿਸ ਵਿੱਚ ਮੌਜੂਦਾ ਸਥਿਤੀ ਬਾਰੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਖੁੱਲ੍ਹ ਕੇ ਟਿੱਪਣੀ ਕੀਤੀ ਗਈ ਹੈ। ਜਥੇਦਾਰ ਵਲੋਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਵੀ ਦੋਸ਼ਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਂਚ ਕਰਨ ਦੇ ਫੈਸਲੇ ਨਾਲ ਨਿਰਾਜਗੀ ਦਾ ਪ੍ਰਗਟਾਵਾ ਕੀਤਾ ਹੈ ਕਿਉਂਕਿ ਜਥੇਦਾਰ ਵਿਰੁੱਧ ਜਾਂਚ ਕਰਨ ਦਾ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਨਹੀਂ ਹੈ। ਹੁਣ ਤੱਕ ਇਹ ਸਵਾਲ ਉੱਠ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਦੋ ਦਸੰਬਰ ਦੇ ਫੈਸਲਿਆਂ ਨੂੰ ਲਾਗੂ ਕਰਨ ਵਿੱਚ ਹੋ ਰਹੀ ਦੇਰੀ ਬਾਰੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਚੁੱਪ ਕਿਉਂ ਹਨ? ਹਾਲਾਂ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਦੇਕੇ ਫ਼ੈਸਲੇ ਲਾਗੂ ਨਾ ਕਰਨ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ।
ਸਿੰਘ ਸਾਹਿਬਾਨ ਦੇ ਫ਼ੈਸਲੇ ਲਾਗੂ ਕਰਨ ਦੇ ਮਾਮਲੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਐਨੇ ਦਿਨਾਂ ਬਾਅਦ ਬਿਆਨ ਤਾਂ ਦੇ ਦਿੱਤਾ ਪਰ ਜੇਕਰ ਫੈਸਲਾ ਪੂਰੀ ਤਰ੍ਹਾਂ ਲਾਗੂ ਨਹੀਂ ਹੁੰਦਾ ਹੈ ਤਾਂ ਸਿੰਘ ਸਾਹਿਬਾਨ ਨੇ ਕੋਈ ਸੀਮਾ ਰੇਖਾ ਤੈਅ ਕੀਤੀ ਹੈ? ਇਕ ਪਾਸੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਆਨਾਕਾਨੀ ਕਰਨ ਵਿਰੁੱਧ ਚੇਤਾਵਨੀ ਦਿੱਤੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਦੇ ਸਿਰਮੌਰ ਆਗੂ ਸੁਖਬੀਰ ਸਿੰਘ ਬਾਦਲ ਨੇ ਮਾਘੀ ਮੇਲੇ ਦੀਆਂ ਤਿਆਰੀਆਂ ਲਈ ਮੁਕਤਸਰ ਇਲਾਕੇ ਵਿੱਚ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ। ਉਨਾਂ ਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਵੀ ਨਿਸ਼ਾਨੇ ਉੱਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਇਹ ਵੀ ਅਹਿਮ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਜੇ ਤੱਕ ਪਾਰਟੀ ਨੇ ਪ੍ਰਵਾਨ ਨਹੀ ਕੀਤਾ ਹੈ ਪਰ ਅਮਲੀ ਤੌਰ ਉੱਤੇ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਦੀ ਹੈਸੀਅਤ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ।ਬਾਦਲ ਨੇ ਸ਼ਬਦ ਵਰਤੇ ਹਨ ਕਿ ਹੁਣ ਜੰਗ ਸ਼ੁਰੂ ਹੋ ਗਈ ਹੈ ਅਤੇ ਅਕਾਲੀ ਵਰਕਰ ਡੱਟ ਕੇ ਕੰਮ ਕਰਨ। ਮਾਘੀ ਕਾਨਫਰੰਸ ਅਕਾਲੀ ਦਲ ਲਈ ਵੱਡਾ ਸ਼ਕਤੀ ਪ੍ਰਦਰਸ਼ਨ ਦਾ ਇਕ ਮੌਕਾ ਹੋਵੇਗਾ।
ਮਾਘੀ ਮੇਲਾ ਇਕ ਤਰਾਂ ਨਾਲ਼ ਪੰਥਕ ਸਰਗਰਮੀਆਂ ਵਜੋਂ ਸਾਹਮਣੇ ਆ ਰਿਹਾ ਹੈ। ਅਕਾਲੀ ਦਲ ਦੇ ਨੇਤਾ ਸੁਖਬੀਰ ਸਿੰਘ ਬਾਦਲ ਨੇ ਫਰੀਦਕੋਟ ਦੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਨੂੰ ਨਿਸ਼ਾਨੇ ਤੇ ਲੈੰਦਿਆਂ ਕਿਹਾ ਕਿ ਚੋਣ ਜਿੱਤਣ ਬਾਅਦ ਉਹ ਕਦੇ ਨਜਰ ਨਹੀਂ ਆਇਆ। ਉਨਾਂ ਨੇ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਗੈਰ ਕਿਹਾ ਕਿ ਉਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਲੰਮੀਆਂ ਜੇਲਾਂ ਕੱਟੀਆਂ ਸਨ ਪਰ ਇੱਥੇ ਤਾਂ ਇਕ ਸਾਲ ਵਿੱਚ ਹੀ ਕਈਆਂ ਦੀ ਚੀਕ ਨਿਕਲ ਗਈ। ਇਹ ਟਿੱਪਣੀਆਂ ਇਸ ਕਰਕੇ ਹੋਰ ਵੀ ਅਹਿਮ ਹਨ ਕਿਉਂਕਿ ਕੁਝ ਦਿਨ ਨੂੰ ਮਾਘੀ ਦੇ ਮੇਲੇ ਉੱਤੇ ਖਾਲਸਾ ਅਤੇ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਨਵਾਂ ਅਕਾਲੀ ਦਲ ਆਨੰਦਪੁਰ ਸਾਹਿਬ ਐਲਾਨਿਆ ਜਾ ਰਿਹਾ ਹੈ ਜੋ ਕਿ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠਲੇ ਅਕਾਲੀ ਦਲ ਲਈ ਚੁਣੌਤੀ ਖੜ੍ਹੀ ਕਰ ਸਕਦਾ ਹੈ। ਅਜੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਦੋ ਦਸੰਬਰ ਦੇ ਫੈਸਲੇ ਨੂੰ ਲਾਗੂ ਕਰਵਾਉਣ ਲਈ ਸਿੰਘ ਸਾਹਿਬਾਨ ਵੱਲ ਵੇਖ ਰਹੇ ਹਨ।
ਸੰਪਰਕ 9814002186