ਚੰਡੀਗੜ੍ਹ: ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੜ੍ਹ ਦੀ ਸਥਿਤੀ ਨੇ ਸੂਬੇ ਦੇ ਸੈਂਕੜੇ ਪਿੰਡਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ ਅਤੇ ਆਪਣੇ ਬੇਜ਼ੁਬਾਨ ਜਾਨਵਰਾਂ ਸਮੇਤ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਮਜਬੂਰ ਹਨ। ਬਹੁਤ ਸਾਰੇ ਲੋਕ ਖੁੱਲ੍ਹੇ ਅਸਮਾਨ ਹੇਠ ਰਾਤਾਂ ਕੱਟਣ ਲਈ ਵੀ ਮਜਬੂਰ ਹੋਏ ਹਨ।
ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਰਾਹਤ ਕਾਰਜ
ਹੜ੍ਹ ਦੀ ਸਥਿਤੀ ਵਿੱਚ ਸਰਕਾਰ ਅਤੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਰਾਹਤ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਅੱਜ ਬੀਤੇ ਦਿਨ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਦੇ ਸੇਵਾਦਾਰ ਅਤੇ ਪਰਿਵਾਰਕ ਮੈਂਬਰ ਹੜ੍ਹ ਵਿੱਚ ਫਸੇ ਲੋਕਾਂ ਲਈ ਲੰਗਰ, ਜਾਨਵਰਾਂ ਲਈ ਚਾਰਾ ਅਤੇ ਹੋਰ ਜ਼ਰੂਰੀ ਸਮਾਨ ਲੈ ਕੇ ਪਹੁੰਚੇ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੌਜੂਦਾ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵੀ ਮੌਕੇ ’ਤੇ ਮੌਜੂਦ ਸਨ।
ਗਿਆਨੀ ਰਘਬੀਰ ਸਿੰਘ ਦੌਰਾਨ ਅਰਦਾਸ ਦੇ ਭਾਵੁਕ ਹੋਏ
ਹੜ੍ਹ ਦੇ ਹਾਲਾਤ ਦਾ ਜਾਇਜ਼ਾ ਲੈਣ ਪਹੁੰਚੇ ਗਿਆਨੀ ਰਘਬੀਰ ਸਿੰਘ ਅਰਦਾਸ ਦੌਰਾਨ ਭਾਵੁਕ ਹੋ ਗਏ। ਉਹ ਆਪਣੇ ਹੰਝੂਆਂ ਨੂੰ ਰੋਕ ਨਾ ਸਕੇ, ਜਿਸ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਹੌਂਸਲਾ ਦਿੱਤਾ ਅਤੇ ਉਹ ਆਪ ਵੀ ਭਾਵੁਕ ਹੋ ਗਏ।
ਇਕਜੁੱਟ ਹੋ ਕੇ ਆਫਤ ਦਾ ਸਾਹਮਣਾ ਕਰਨ ਦੀ ਅਪੀਲ
ਗਿਆਨੀ ਰਘਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ, “ਪੰਜਾਬ ਵਿੱਚ ਹੜ੍ਹ ਦੀ ਆਫਤ ਨੇ ਖੇਤ, ਮਕਾਨ ਅਤੇ ਜਾਨਵਰਾਂ ਦਾ ਬੁਰਾ ਹਾਲ ਕਰ ਦਿੱਤਾ ਹੈ। ਪਾਣੀ ਬੜੀ ਤੇਜ਼ੀ ਨਾਲ ਆ ਰਿਹਾ ਹੈ। ਅਜਿਹੇ ਸਮੇਂ ਸਾਨੂੰ ਇਕਜੁੱਟ ਹੋ ਕੇ ਇਸ ਆਫਤ ਦਾ ਸਾਹਮਣਾ ਕਰਨਾ ਚਾਹੀਦਾ ਹੈ।”
ਪੰਜਾਬ ਨਾਲ ਵਿਤਕਰੇ ਦੀ ਸ਼ਿਕਾਇਤ
ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ, “ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ’ਤੇ ਜਦੋਂ ਮੁਸੀਬਤ ਆਈ, ਤਾਂ ਕਿਸੇ ਨੇ ਸਾਡਾ ਸਾਥ ਨਹੀਂ ਦਿੱਤਾ। ਜੇਕਰ ਇਹੋ ਜਿਹੀ ਸਥਿਤੀ ਗੁਜਰਾਤ ਵਿੱਚ ਹੁੰਦੀ, ਤਾਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਹੈਲੀਕਾਪਟਰ ਵਿੱਚ ਦੌਰਾ ਕਰਕੇ ਹੜ੍ਹ ਪੈਕੇਜ ਜਾਰੀ ਕਰ ਦਿੰਦੇ। ਪੰਜਾਬ ਨਾਲ ਇਹ ਵਿਤਕਰਾ ਮੰਦਭਾਗਾ ਹੈ। ਪਰ ਕਾਰ ਸੇਵਾ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਦੇ ਪਰਿਵਾਰ ਅਤੇ ਸੇਵਾਦਾਰਾਂ ਵੱਲੋਂ ਗਾਵਾਂ ਦਾ ਚਾਰਾ, ਲੰਗਰ ਅਤੇ ਹੋਰ ਸਮਾਨ ਲਿਆਉਣਾ ਸ਼ਲਾਘਾਯੋਗ ਕਦਮ ਹੈ।”