ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ SGPC ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਵੱਲੋਂ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਤੇ ਪਾਈ ਪੋਸਟ ਤੋਂ ਬਾਅਦ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਆਪਣਾ ਤਿਆਗ ਪੱਤਰ ਅੰਤ੍ਰਿਮ ਕਮੇਟੀ ਨੂੰ ਸੌਂਪ ਦਿੱਤਾ ਹੈ।
ਧਾਮੀ ਦੇ ਅਸਤੀਫ਼ੇ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ ’ਤੇ ਕਿਹਾ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫ਼ਾ ਦੁਖਦਾਇਕ ਹੈ। ਸ਼੍ਰੋਮਣੀ ਅਕਾਲੀ ਦਲ ਵਿਚ ਪੰਥਕ ਪ੍ਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਤੋਂ ਸੱਖਣੇ, ਪੰਜ ਸੱਤ ਕੁ ਨੇਤਾਵਾਂ ਵੱਲੋਂ ਆਪਣੀਆਂ ਨਿੱਜੀ ਲਾਲਸਾਵਾਂ ਦੀ ਪੂਰਤੀ ਹਿਤ, ਇਕ ਵਿਅਕਤੀ ਵਿਸ਼ੇਸ਼ ਦੀ ਰਾਜਨੀਤੀ ਨੂੰ ਜਿੰਦਾ ਰੱਖਣ ਲਈ, ਪੰਥਕ ਸੰਸਥਾਵਾਂ ਨੂੰ ਪੇਤਲਾ ਕੀਤਾ ਜਾ ਰਿਹਾ ਹੈ।
ਪੰਥਕ ਸੋਚ ਦੀ ਤਰਜਮਾਨੀ ਕਰਨ ਵਾਲਿਆਂ ਨੂੰ ਜਲੀਲ ਕਰ ਕੇ ਬਾਹਰ ਦਾ ਰਸਤਾ ਵਿਖਾਇਆ ਜਾ ਰਿਹਾ ਹੈ ਜਾਂ ਫਿਰ ਦਬਾਅ ਹੀ ਇਸ ਤਰ੍ਹਾਂ ਬਣਾਇਆ ਜਾਂਦਾ ਕਿ ਬੰਦਾ ਖੁਦ ਲਾਂਭੇ ਹੋਣ ਲਈ ਮਜਬੂਰ ਹੋ ਜਾਂਦਾ ਹੈ। ਹੇ ਅਕਾਲ ਪੁਰਖ ਜੀ ! ਆਪਣੀਆਂ ਗੁਰੂ ਪੰਥ ਦੀਆਂ ਸੰਸਥਾਵਾਂ ’ਤੇ ਮਿਹਰ ਭਰਿਆ ਹੱਥ ਰੱਖੋ।
। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਨਵੰਬਰ, 2021 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ ਸੀ। ਇਕ ਪੱਤਰਕਾਰ ਸੰਮੇਲਨ ਵਿਚ ਖੁਲਾਸਾ ਕਰਦਿਆਂ ਉਨਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਫਾਰਗ ਕਰਨ ਦਾ ਫ਼ੈਸਲਾ ਅੰਤ੍ਰਿੰਗ ਕਮੇਟੀ ਦਾ ਸੀ, ਜਿਸ ਵਿਚ ਕਮੇਟੀ ਦੇ ਉਨ੍ਹਾਂ ਸਣੇ ਬਾਕੀ ਸਾਰੇ ਮੈਂਬਰ ਵੀ ਹਾਜ਼ਰ ਸਨ ਅਤੇ ਬਹੁ-ਸੰਮਤੀ ਨਾਲ ਇਸ ਫ਼ੈਸਲੇ ‘ਤੇ ਸਹਿਮਤੀ ਦਿੱਤੀ ਗਈ ਸੀ। ਧਾਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਸਾਰਿਆਂ ਨਾਲ ਸਲਾਹ-ਮਸ਼ਵਰਾ ਹੋਇਆ ਸੀ ਅਤੇ ਉਸ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਸੀ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਸੱਤ ਮੈਂਬਰੀ ਕਮੇਟੀ ਤੋਂ ਵੀ ਉਸ ਨੂੰ ਫਾਰਗ ਕਰ ਦਿੱਤਾ ਜਾਵੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।