ਨਵੀਂ ਦਿੱਲੀ : ਵਿਰੋਧੀ ਧਿਰ ਦੇ ਲੀਡਰ ਗ਼ੁਲਾਮ ਨਬੀ ਆਜ਼ਾਦ ਨੇ ਰਾਜ ਸਭਾ ‘ਚ ਕਿਸਾਨਾਂ ਦੇ ਮੁੱਦੇ ਨੂੰ ਪੂਰੇ ਜ਼ੋਰਾਂ ਸ਼ੋਰਾਂ ਨਾਲ ਉਠਾਇਆ। ਗੁਲਾਮ ਨਬੀ ਆਜ਼ਾਦ ਨੇ ਕਿਸਾਨਾਂ ਨੂੰ ਦੇਸ਼ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ। ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਅੰਗਰੇਜ਼ਾਂ ਦੇ ਜ਼ਮਾਨੇ ਵਿੱਚ ਵੀ ਕਿਸਾਨ ਸੰਘਰਸ਼ ਕਰਦੇ ਸਨ ਅਤੇ ਹਰ ਵਾਰ ਉਨ੍ਹਾਂ ਨੂੰ ਸੱਤਾ ਦੇ ਅੱਗੇ ਝੁਕਣ ਲਈ ਮਜਬੂਰ ਹੋਣਾ ਪਿਆ। ਇਸ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰ ਨੇ “ਪਗੜੀ ਸੰਭਾਲ ਜੱਟਾ, ਪਗੜੀ ਸੰਭਾਲ” ਗੀਤ ਦੀਆਂ ਕੁਝ ਲਾਈਨਾਂ ਵੀ ਸਦਨ ਦੀ ਕਾਰਵਾਈ ‘ਚ ਪੇਸ਼ ਕੀਤੀਆਂ ਅਤੇ ਕਿਹਾ ਕਿ ਕਿਸਾਨਾਂ ਨੇ ਅੰਗਰੇਜ਼ ਸਰਕਾਰ ਨੂੰ ਵੀ ਕਾਨੂੰਨ ਵਾਪਸ ਲੈਣ ਦੇ ਲਈ ਮਜਬੂਰ ਕਰ ਦਿੱਤਾ ਸੀ। ਅੱਜ ਕੇਂਦਰ ‘ਚ ਮੋਦੀ ਸਰਕਾਰ ਵੀ ਮਜਬੂਰ ਹੋਵੇਗੀ।
ਗੁਲਾਮ ਨਬੀ ਆਜ਼ਾਦ ਨੇ ਜਦੋਂ ਇਹ ਸ਼ਬਦ ਸਦਨ ਦੀ ਕਾਰਵਾਈ ‘ਚ ਕਹੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੰਸਦ ‘ਚ ਮੌਜੂਦ ਸਨ। ਕਾਂਗਰਸੀ ਲੀਡਰ ਨੇ ਕਿਸਾਨ ਅੰਦੋਲਨ ਦੀ ਵਿਸਥਾਰਪੂਰਵਕ ਚਰਚਾ ਕਰਦੇ ਹੋਏ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਤਿੰਨ ਨਵੇਂ ਖੇਤੀ ਕਾਨੂੰਨ ਵਾਪਸ ਲਏ ਜਾਣ। ਇਸ ਦੌਰਾਨ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਕਿਸਾਨਾਂ ਦੀ ਤਾਕਤ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ ਅਤੇ ਉਨ੍ਹਾਂ ਨਾਲ ਲੜਾਈ ਕਰਕੇ ਅਸੀਂ ਨਤੀਜੇ ‘ਤੇ ਨਹੀਂ ਪਹੁੰਚ ਸਕਦੇ ਉਨ੍ਹਾਂ ਕਿਹਾ ਕਿ ਜੇਕਰ ਲੜਨਾ ਹੈ ਤਾਂ ਚੀਨ ਪਾਕਿਸਤਾਨ ਅਤੇ ਕੋਰੋਨਾ ਵਾਇਰਸ ਨਾਲ ਲੜੋ।