ਉੱਤਰ ਪ੍ਰਦੇਸ਼ : ਦਿੱਲੀ ਦੇ ਨਾਲ ਲੱਗਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਐਤਵਾਰ ਨੂੰ ਵੱਡਾ ਹਾਦਸਾ ਵਾਪਰਿਆ ਹੈ। ਮੁਰਾਦਨਗਰ ਦੇ ਸ਼ਮਸ਼ਾਨਘਾਟ ਦੀ ਛੱਤ ਡਿੱਗਣ ਦੇ ਨਾਲ 18 ਲੋਕਾਂ ਦੀ ਮੌਤ ਹੋ ਗਈ, ਜਦੋਂਕਿ 30 ਤੋਂ ਵੱਧ ਲੋਕ ਮਲਬੇ ਹੇਠਾਂ ਦੱਬ ਗਏ। ਹਾਲਾਂਕਿ ਕਈ ਲੋਕਾਂ ਨੂੰ ਮਲਬੇ ਚੋਂ ਬਾਹਰ ਕੱਢ ਕੇ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ। ਫਿਲਹਾਲ ਗਾਜ਼ੀਆਬਾਦ ਪੁਲੀਸ ਅਤੇ ਰੈਸਕਿਊ ਆਪ੍ਰੇਸ਼ਨ ਦੀਆਂ ਟੀਮਾਂ ਘਟਨਾ ਵਾਲੀ ਥਾਂ ‘ਤੇ ਮੌਜੂਦ ਹਨ।
ਐਤਵਾਰ ਨੂੰ ਸਵੇਰ ਤੋਂ ਹੀ ਦਿੱਲੀ ਸਮੇਤ ਪੂਰੇ ਐੱਨਸੀਆਰ ‘ਚ ਰੁਕ ਰੁਕ ਕੇ ਬਾਰਿਸ਼ ਹੋ ਰਹੀ ਸੀ। ਮੁਰਾਦਨਗਰ ਥਾਣਾ ਖੇਤਰ ਦੇ ਉਖਰਾਣੀ ਰੋਡ ‘ਤੇ ਸਥਿਤ ਸ਼ਮਸ਼ਾਨਘਾਟ ‘ਚ ਕਰੀਬ 50 ਲੋਕ ਜੈਰਾਮ ਦੇ ਸਸਕਾਰ ‘ਤੇ ਆਏ ਹੋਏ ਸਨ। ਇਹ ਸਾਰੇ ਲੋਕ ਸ਼ਮਸ਼ਾਨਘਾਟ ਦੇ ਗੇਟ ਨਾਲ ਬਣੀ ਗੈਲਰੀ ‘ਚ ਮੌਨ ਧਾਰਨ ਕਰਕੇ ਖੜ੍ਹੇ ਸਨ, ਜਿਸ ਦੌਰਾਨ ਹਾਦਸਾ ਵਾਪਰ ਗਿਆ ਅਤੇ ਛੱਤ ਇਨ੍ਹਾਂ ਦੇ ਉੱਪਰ ਆ ਡਿੱਗੀ।
ਦੱਸਿਆ ਜਾ ਰਿਹਾ ਹੈ ਕਿ ਇਹ ਸ਼ਮਸ਼ਾਨਘਾਟ ਦਾ ਨਿਰਮਾਣ ਢਾਈ ਮਹੀਨੇ ਪਹਿਲਾਂ ਹੀ ਕੀਤਾ ਗਿਆ ਸੀ। ਇਲਜ਼ਾਮ ਲਾਏ ਜਾ ਰਹੇ ਹਨ ਕਿ ਨਿਰਮਾਣ ਦੌਰਾਨ ਸਰੀਏ ਨੂੰ ਛੱਡ ਕੇ ਬਾਕੀ ਸਾਰੇ ਘਟੀਆ ਸਮਾਨ ਦੀ ਵਰਤੋ ਕੀਤੀ ਗਈ ਸੀ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦੱਤਿਆਨਾਥ ਨੇ ਦੋਸ਼ੀਆਂ ਖਿਲਾਫ਼ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਠੇਕੇਦਾਰ ਦੇ ਖਿਲਾਫ਼ ਐਫਆਈਆਰ ਦਰਜ ਕਰ ਦਿੱਤੀ ਹੈ।