ਨਿਊਜ਼ ਡੈਸਕ (ਅਵਤਾਰ ਸਿੰਘ) : ਵਿਸ਼ਵ ਸਿਹਤ ਸੰਸਥਾ ਦੇ ਸਹਾਇਕ ਡਾਇਰੈਕਟਰ ਅਨੁਸਾਰ “ਸੰਸਾਰ ਵਿੱਚ ਜੰਗਾਂ ਤੇ ਮਹਾਂਮਾਰੀਆਂ ਦੇ ਮੁਕਾਬਲੇ ਆਤਮ ਹੱਤਿਆਵਾਂ ਨਾਲ ਜ਼ਿਆਦਾ ਲੋਕ ਮਰਦੇ ਹਨ।” ਇੱਕੀਵੀਂ ਸਦੀ ਦੀ ਸਭ ਤੋਂ ਵੱਧ ਇਕ ਨੰਬਰ ਦੀ ਬਿਮਾਰੀ ਉਦਾਸੀ ਰੋਗ ਜਾਂ ਨੀਵਾ ਵਿਖਾਉਣਾ (Depression) ਹੈ।
ਉਦਾਸੀ ਰੋਗ ਜਾਂ ਨਿਰਾਸ਼ਾ ਮਨ ਦੀ ਇਕ ਅਵਸਥਾ ਹੈ। ਹਰ ਇਨਸਾਨ ਦੇ ਜੀਵਨ ਵਿੱਚ ਅਜਿਹੇ ਮੌਕੇ ਆਉਂਦੇ ਰਹਿੰਦੇ ਹਨ ਜਦੋਂ ਉਸ ਨੂੰ ਦੁੱਖ, ਨਿਰਾਸ਼ਾ ਜਾਂ ਕਿਸੇ ਅਚਾਨਕ ਵਾਪਰੀ ਘਟਨਾ ਜਾਂ ਦੁਖਦਾਈ ਪਲਾਂ ਨੂੰ ਸਹਿਣ ਕਰਨਾ ਪੈਂਦਾ ਹੈ।ਅਜਿਹੇ ਸਮੇਂ ਉਸ ਦੇ ਮਨ ਦਾ ਉਦਾਸ ਹੋਣਾ ਸੁਭਾਵਿਕ ਹੈ। ਪਰ ਜਦੋਂ ਇਹ ਉਦਾਸੀ ਅਤੇ ਨਿਰਾਸ਼ਾ ਮਨੁੱਖ ਦੇ ਮਨ, ਦਿਮਾਗ ‘ਤੇ ਬੁਰੀ ਤਰ੍ਹਾਂ ਛਾਅ ਜਾਂਦੀ ਹੈ ਤਾਂ ਉਸ ਨੂੰ ਸਾਰਾ ਆਲਾ-ਦੁਆਲਾ ਹਨੇਰਾ ਦਿਖਾਈ ਦੇਣ ਲੱਗਦਾ ਹੈ, ਕੁਝ ਵੀ ਚੰਗਾ ਨਹੀਂ ਲੱਗਦਾ।ਇਸ ਨੂੰ ਹੀ ਉਦਾਸੀ ਰੋਗ ਜਾਂ ਡਿਪਰੈਸ਼ਨ ਕਹਿੰਦੇ ਹਨ। ਇਸ ਨਾਲ ਮਨੁੱਖੀ ਮਨ ਅਤੇ ਸਰੀਰ ਦੋਵੇਂ ਹੀ ਰੋਗੀ ਹੋ ਜਾਂਦੇ ਹਨ।ਇਹ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ।ਹਰ ਉਮਰ ਦੇ ਤਣਾਅ ਵੱਖ-ਵੱਖ ਹੁੰਦੇ ਹਨ।ਇਕ ਬੱਚੇ ਦੇ ਲਈ, ਜਿਸ ਨੂੰ ਆਪਣੀ ਮਾਂ ਦਾ ਪਿਆਰ ਨਾ ਮਿਲਿਆ ਹੋਵੇ, ਡਿਪਰੈਸ਼ਨ ਦਾ ਕਾਰਨ ਬਣ ਸਕਦਾ ਹੈ।ਅਜਿਹੇ ਵਿਅਕਤੀਆਂ ਦਾ ਇਲਾਜ ਮਨੋਵਿਗਿਆਨਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ।ਉਨ੍ਹਾਂ ਨੂੰ ਨਵੀਆਂ ਬਦਲਦੀਆਂ ਹਾਲਤਾਂ ਵਿੱਚ ਰੱਖਣਾ ਚਾਹੀਦਾ ਹੈ।ਇਸ ਰੋਗ ਤੋਂ ਪੀੜਤ ਵਿਅਕਤੀ ਨੂੰ ਕਿਸੇ ਨਾ ਕਿਸੇ ਕੰਮ ਵਿੱਚ ਲਗਾਈ ਰੱਖਣਾ ਲਾਭਦਾਇਕ ਹੈ।
ਅਮਰੀਕਾ ਵਰਗੇ ਖੁਸ਼ਹਾਲ ਦੇਸ਼ ਵਿੱਚ ਇਸ ਦੀ ਸੰਖਿਆ ਡੇਢ ਕਰੋੜ ਤੋਂ ਵੀ ਜ਼ਿਆਦਾ ਹੈ।69% ਲੋਕ ਇਸ ਬਿਮਾਰੀ ਦੇ ਸ਼ਿਕਾਰ ਹਨ ਸੰਸਾਰ ਵਿੱਚ ਹਰ ਸਾਲ 8 ਲੱਖ ਲੋਕ ਆਤਮ ਹੱਤਿਆ ਕਰਦੇ ਹਨ। ਵਿਦਿਆਰਥੀਆਂ ‘ਚ ਇਹ ਪਰਵਿਰਤੀ ਜਿਆਦਾ ਹੈ।15 ਤੋਂ 29 ਸਾਲ ਦੇ ਭਾਰਤ ਵਿਚ ਵਿਦਿਆਰਥੀ ਇਕ ਲੱਖ ਪਿੱਛੇ 16 ਆਤਮ ਹੱਤਿਆ ਕਰਦੇ ਹਨ।ਇਸ ਦੇ ਕਾਰਨਾਂ ਵਿੱਚ ਪ੍ਰੀਖਿਆ ਵਿਚੋਂ ਲੋੜੀਂਦੀ ਸਫਲਤਾ ਨਾ ਮਿਲਣੀ, ਬੇਰੋਜੁਗਾਰੀ, ਮਾਪਿਆਂ ਦਾ ਗਲਤ ਵਤੀਰਾ, ਉਨ੍ਹਾਂ ਨੂੰ ਨੀਵਾਂ ਵਿਖਾਉਣਾ, ਰੈਗਿੰਗ -ਛੇੜਛਾੜ ਆਦਿ ਕਾਰਨ ਹਨ।ਮੌਜੂਦਾ ਹਾਲਾਤ ਵਿੱਚ 15% ਵਿਦਿਆਰਥੀ ਹਿੰਸਕ ਪ੍ਰਵਿਰਤੀਆਂ ਦੇ ਸ਼ਿਕਾਰ ਹੁੰਦੇ ਹਨ।ਚੋਰੀਆਂ, ਨਸ਼ਿਆਂ ਅਤੇ ਹੋਰ ਸਮਾਜ ਵਿਰੋਧੀ ਸਰਗਰਮੀਆਂ ਵਿੱਚ ਹਿੱਸਾ ਲੈਂਦੇ ਹਨ।ਅਧਿਆਪਕਾਂ ‘ਤੇ ਵੀ ਹਮਲੇ ਵੱਧ ਰਹੇ ਹਨ।ਵਿਦਿਆਰਥੀਆਂ ਵਿੱਚ ਆਪਹੁਦਰਾਪਣ, ਅਨੈਤਿਕਤਾ, ਦ੍ਰਿੜ ਸ਼ਕਤੀ ਦੀ ਅਣਹੋਂਦ ਤੇ ਅਵਾਰਾਗਰਦੀ 14-15 ਸਾਲ ਦੀ ਉਮਰ ਤੋਂ ਸ਼ੁਰੂ ਹੋ ਜਾਂਦੀ ਹੈ।ਕੁਝ ਅਧਿਆਪਕਾਂ ਤੇ ਮਾਪਿਆਂ ਦੀ ਵੀ ਅਣਗਹਿਲੀ ਵਿਦਿਆਰਥੀਆਂ ਨੂੰ ਜਿੰਦਗੀ ਦੇ ਗਲਤ ਮੋੜ ਵੱਲ ਧੱਕਦੀ ਹੈ।2-3% ਮਾਪੇ ਹੀ ਬੱਚੇ ਸਕੂਲ ਵਿੱਚ ਜਾ ਕੇ ਬੱਚਿਆਂ ਦੀ ਕਾਰਗੁਜਾਰੀ ਬਾਰੇ ਵਿਚਾਰ ਵਟਾਂਦਰਾ ਕਰਦੇ ਹਨ।
ਦਰਅਸਲ ਵਿਦਿਆਰਥੀ ਦੀ ਜਿੰਦਗੀ ਨੂੰ ਤਰਾਸ਼ਣ ਵਿੱਚ ਮਾਪੇ, ਅਧਿਆਪਕ, ਸਮਾਜ ਤੇ ਸਰਕਾਰ ਦੀ ਵੀ ਅਹਿਮ ਭੂਮਿਕਾ ਹੈ।18 ਅਗਸਤ 2015 ਨੂੰ ਇਲਾਹਾਬਾਦ ਦੀ ਹਾਈ ਕੋਰਟ ਨੇ ਸੂਬੇ ਦੇ ਮੁੱਖ ਸਕੱਤਰ ਨੂੰ ਆਦੇਸ਼ ਦਿੱਤਾ ਸੀ ਕਿ ਸਰਕਾਰੀ, ਗੈਰ ਸਰਕਾਰੀ, ਨਿਗਮਾਂ ਦੇ ਮੁਲਾਜਮਾਂ, ਅਧਿਕਾਰੀਆਂ, ਜੱਜਾਂ ਤੇ ਨਾਮਜ਼ਦ/ਚੁਣੇ ਜਾਂਦੇ ਨੁਮਾਇੰਦਿਆਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਪੜਾਉਣ, ਜੇ ਅਜਿਹਾ ਹੋ ਜਾਵੇ ਤਾਂ ਬਹੁਤ ਸਾਰੇ ਮਸਲੇ ਹੱਲ ਹੋ ਸਕਦੇ ਹਨ।