ਨਵੀਂ ਦਿੱਲੀ : ਉੱਤਰੀ ਭਾਰਤ ਨੂੰ ਅਜੇ ਦੋ ਦਿਨ ਹੋਰ ਸਖਤ ਗਰਮੀ ਤੇ ਲੂ ਦੀ ਤਪਸ਼ ਤੋਂ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਦੋ ਦਿਨ ਤਿੱਖੀ ਗਰਮੀ ਵਾਲੇ ਹਾਲਾਤ ਬਣੇ ਰਹਿਣਗੇ। ਜੁਲਾਈ ਦਾ ਪਹਿਲਾ ਦਿਨ 9 ਸਾਲਾਂ ਬਾਅਦ ਦਿੱਲੀ ਦਾ ਸਭ ਤੋਂ ਗਰਮ ਰਿਹਾ। ਦਿੱਲੀ ‘ਚ ਇਸ ਤੋਂ ਪਹਿਲਾਂ ਇਕ ਜੁਲਾਈ, 2012 ਨੂੰ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਬੀਤੀ ਰਾਤ ਦਿੱਲੀ ਦੇ ਸਫਦਰਜੰਗ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 43.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੇਸ਼ ਦੇ ਉੱਤਰ ਪੱਛਮੀ ਹਿੱਸਿਆਂ ‘ਚ ਭਿਆਨਕ ਗਰਮੀ ਤੇ ਲੂ ਦਾ ਦੌਰ ਹਾਲੇ ਦੋ ਦਿਨ ਹੋਰ ਪਰੇਸ਼ਾਨ ਕਰਦਾ ਰਹੇਗਾ। ਐਤਵਾਰ ਤੋਂ ਜ਼ਰੂਰ ਤਾਪਮਾਨ ਵਿਚ ਕੁਝ ਕਮੀ ਆਉਣ ਦੀ ਉਮੀਦ ਹੈ।
ਪੂਰਬੀ ਉੱਤਰੀ ਰਾਜਸਥਾਨ ਵਿਚ ਵੀ ਵੱਖ-ਵੱਖ ਸਥਾਨਾਂ ‘ਤੇ ਭਿਆਨਕ ਗਰਮੀ ਦੇ ਹਾਲਾਤ ਹਨ। ਹਾਲੇ ਦੋ ਦਿਨ ਹੋਰ ਹੇਠਲੇ ਪੱਧਰ ‘ਤੇ ਪਾਕਿਸਤਾਨ ਤੋਂ ਉੱਤਰ ਪੱਛਮ ਭਾਰਤ ਵੱਲ ਪੱਛਮੀ ਤੇ ਦੱਖਣੀ-ਪੱਛਮੀ ਹਵਾਵਾਂ ਕਾਰਨ, ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ, ਉੱਤਰੀ ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰ-ਪੱਛਮੀ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗਰਮੀ ਦੇ ਤੇਵਰ ਤਲਖ ਹੀ ਰਹਿਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਐੱਮ ਮਹਾਪਾਤਰਾ ਮੁਤਾਬਕ ਦੋ ਦਿਨਾਂ ਬਾਅਦ ਲੂ ਤੋਂ ਕੁਝ ਰਾਹਤ ਮਿਲ ਸਕਦੀ ਹੈ ਅਤੇ ਵਧਿਆ ਹੋਇਆ ਤਾਪਮਾਨ ਵੀ ਥੋੜ੍ਹਾ ਥੱਲੇ ਆ ਜਾਵੇਗਾ । ਹਾਲਾਂਕਿ, 2 ਅਤੇ 3 ਜੁਲਾਈ ਨੂੰ, ਦਿੱਲੀ ਵਿੱਚ ਹਲਕੀ ਬਾਰਸ਼ ਦੇ ਕਾਰਨ ਤਾਪਮਾਨ ਵਿੱਚ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।