Twitter ਨੂੰ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣਾ ਪਿਆ ਭਾਰੀ,ਟਵਿੱਟਰ ਦੇ ਐਮਡੀ ਮਨੀਸ਼ ਮਹੇਸ਼ਵਰੀ ਖ਼ਿਲਾਫ਼ ਕੇਸ ਦਰਜ

TeamGlobalPunjab
3 Min Read

ਨਵੀਂ ਦਿੱਲੀ : Twitter ਨੂੰ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣਾ ਭਾਰੀ ਪੈ ਗਿਆ ਹੈ।ਟਵਿੱਟਰ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਦੇ ਨਕਸ਼ੇ ਤੋਂ ਬਾਹਰ ਦਿਖਾਇਆ ਹੈ। ਜਿਸ ਕਾਰਨ ਸਰਕਾਰ ਟਵਿੱਟਰ ਖਿਲਾਫ ਸਖਤ ਕਾਰਵਾਈ ਕਰ ਸਕਦੀ ਹੈ। ਸੂਤਰਾਂ ਵੱਲੋ ਇਹ ਜਾਣਕਾਰੀ ਸੋਮਵਾਰ ਨੂੰ ਦਿੱਤੀ ਗਈ ਹੈ। ਪਰ ਹੁਣ ਟਵਿੱਟਰ ਨੇ ਆਪਣੀ ਵੈੱਬਸਾਈਟ ‘ਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਵੱਖਰੇ ਦੇਸ਼ ਦੇ ਰੂਪ ‘ਚ ਦਿਖਾਏ  ਨਕਸ਼ੇ ਨੂੰ ਵਾਪਸ ਲੈ ਲਿਆ ਹੈ।

ਇਹ ਨਕਸ਼ਾ ਟਵਿੱਟਰ ਦੇ “Tweep Life” ਭਾਗ ਦੇ ਵਿੱਚ ਸਾਹਮਣੇ ਆਇਆ ਹੈ, ਜਿਸ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਬਾਹਰ ਦਿਖਾਇਆ ਗਿਆ ਹੈ। ਇੱਕ ਟਵਿੱਟਰ ਉਪਭੋਗਤਾ ਨੇ ਇਸ ਨਕਸ਼ੇ ਵੱਲ ਧਿਆਨ ਦਵਾਇਆ ਅਤੇ ਇਸ ਮਾਮਲੇ ਵਿੱਚ ਫਿਰ ਲੋਕਾਂ ਦੀ ਸਖਤ ਪ੍ਰਤੀਕ੍ਰਿਆ ਸਾਹਮਣੇ ਆਉਣੀ ਸ਼ੁਰੂ ਹੋਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੁਲੰਦਸ਼ਹਿਰ ਵਿੱਚ ਬਜਰੰਗ ਦਲ ਦੇ ਇੱਕ ਨੇਤਾ ਦੀ ਸ਼ਿਕਾਇਤ ‘ਤੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੀਸ਼ ਮਾਹੇਸ਼ਵਰੀ ‘ਤੇ ਭਾਰਤ ਦਾ ਗ਼ਲਤ ਨਕਸ਼ਾ ਦਿਖਾਉਣ ਲਈ  ਆਈਪੀਸੀ ਦੀ ਧਾਰਾ 505 (2) ਤੇ ਆਈਟੀ (ਸੋਧ) ਐਕਟ 2008 ਦੀ ਧਾਰਾ 74 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸੋਸ਼ਲ ਮੀਡੀਆ ਸਾਈਟ ਟਵਿੱਟਰ ਨੇ ਆਪਣੀ ਵੈੱਬਸਾਈਟ ‘ਤੇ ਕੈਰੀਅਰ ਦੇ ਭਾਗ ‘ਤੇ ਭਾਰਤ ਦੇ ਇਕ ਵਿਗੜੇ ਹੋਏ ਨਕਸ਼ੇ ਨੂੰ ਪੋਸਟ ਕਰਨ ਤੋਂ ਬਾਅਦ ਇਕ ਵੱਡਾ ਵਿਵਾਦ ਖੜ੍ਹਾ ਹੋ ਗਿਆ । ‘ਟਵੀਪ ਲਾਈਫ’ ਭਾਗ ਵਿਚ ਦਿਖਾਈ ਦੇਣ ਵਾਲਾ ਨਕਸ਼ਾ, ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਭਾਰਤ ਤੋਂ ਅਲੱਗ ਕਰਦਾ ਹੈ । ਜਦੋਂ ਕਿ ਜੰਮੂ-ਕਸ਼ਮੀਰ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ, ਉਥੇ ਪੂਰਾ ਲੱਦਾਖ ਚੀਨੀ ਹਿੱਸੇ ਵਜੋਂ ਦਿਖਾਇਆ ਗਿਆ ਸੀ।

ਕਈ ਉਪਭੋਗਤਾਵਾਂ ਨੇ ਟਵਿੱਟਰ ਖ਼ਿਲਾਫ਼ ਭਾਰਤੀ ਕਾਨੂੰਨ ਨੂੰ ਨਜ਼ਰਅੰਦਾਜ਼ ਕਰਨ ਅਤੇ ਭਾਰਤ ਦੀ ਖੇਤਰੀ ਪ੍ਰਭੂਸੱਤਾ ਲਈ ਮਾਮੂਲੀ ਸਤਿਕਾਰ ਦਿਖਾਉਣ ਲਈ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

ਜ਼ਿਕਰਯੋਗ ਹੈ ਕਿ ਟਵਿੱਟਰ ਪਿਛਲੇ 2 ਸਾਲਾਂ ਦੌਰਾਨ ਕਈ ਵਾਰ ਭਾਰਤੀ ਨਕਸ਼ੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਚੁੱਕਾ ਹੈ। ਹਰ ਵਾਰ ਉਹ ਮੁਆਫੀ ਮੰਗ ਲੈਂਦਾ ਹੈ ਜਾਂ ਫਿਰ ਦਿਖਾਏ ਗਏ ਨਕਸ਼ੇ ਨੂੰ ਹਟਾ ਲੈਂਦਾ ਹੈ। ਪਰ ਇਸ ਵਾਰ ਕੇਂਦਰ ਸਰਕਾਰ ਦੇ ਰੁੱਖ ਨੂੰ ਵੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਟਵਿੱਟਰ ਖ਼ਿਲਾਫ਼ ਕੋਈ ਵੱਡਾ ਅਤੇ ਸਖ਼ਤ ਕਦਮ ਚੁੱਕ ਸਕਦੀ ਹੈ। ਦੱਸ ਦੇਈਏ ਕਿ ਟਵਿੱਟਰ ਇੰਡਿਆ ਕੇਂਦਰ ਸਰਕਾਰ ਵੱਲੋਂ ਤੈਅ ਕੀਤੇ ਗਏ ਨਵੇਂ ਨਿਯਮਾਂ ਨੂੰ ਮੰਨਣ ਤੋਂ ਹੀ ਆਨਾਕਾਨੀ ਕਰ ਰਿਹਾ ਹੈ।

- Advertisement -
Share this Article
Leave a comment