ਕੋਲਕਾਤਾ: ਕਾਂਗਰਸ ਦੇ ਸੀਨੀਅਰ ਨੇਤਾ ਸ਼ਤਰੂਘਨ ਸਿਨਹਾ ਛੇਤੀ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੀ 21 ਜੁਲਾਈ ਨੂੰ ਹੋਣ ਵਾਲੀ ਤ੍ਰਿਣਮੂਲ ਦੀ ਵਰਚੁਅਲ ਸ਼ਹੀਦ ਦਿਵਸ ਰੈਲੀ ਦੇ ਦਿਨ ਸ਼ਤਰੂਘਨ ਸਿਨਹਾ ਮਮਤਾ ਦੀ ਪਾਰਟੀ ਦਾ ਝੰਡਾ ਫੜ੍ਹ ਸਕਦੇ ਹਨ।
ਹਾਲਾਂਕਿ, ਸਿਨਹਾ ਨੇ ਹਾਲ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਨ ਵਿਚ ਹਿੰਦੀ ਵਿਚ ਇਕ ਟਵੀਟ ਕੀਤਾ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸਨ ਕਿ ਉਹ ਭਾਜਪਾ ‘ਚ ਘਰ ਵਾਪਸੀ ਕਰ ਸਕਦੇ ਹਨ ਪਰ ਸੂਤਰਾਂ ਮੁਤਾਬਕ ਉਨ੍ਹਾਂ ਦਾ ਝੁਕਾਅ ਤ੍ਰਿਣਮੂਲ ਕਾਂਗਰਸ ਵੱਲ ਜ਼ਿਆਦਾ ਹੈ। ਮਮਤਾ ਬੈਨਰਜੀ 2024 ਦੀਆਂ ਲੋਕ ਸਭਾ ਚੋਣਾਂ ‘ਚ ਮੋਦੀ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਮੰਨੀ ਜਾ ਰਹੀ ਹੈ। ਸਿਨਹਾ ਤੋਂ ਜਦੋਂ ਇਸ ਸੰਬੰਧ ‘ਚ ਸਵਾਲ ਪੁੱਛਿਆ ਤਾਂ ਉਨ੍ਹਾਂ ਨੇ ਸਪੱਸ਼ਟ ਤੌਰ ‘ਤੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ ਪਰ ਕਿਹਾ ਕਿ ਰਾਜਨੀਤੀ ਸੰਭਾਵਨਾਵਾਂ ਲੱਭਣ ਦੀ ਇਕ ਕਲਾ ਹੈ।” ਕੋਲਕਾਤਾ ‘ਚ ਤ੍ਰਿਣਮੂਲ ਨੇਤਾਵਾਂ ਦੇ ਇਕ ਸਮੂਹ ਦਾ ਕਹਿਣਾ ਹੈ ਕਿ ਉਹ ਇਸ ਸੰਬੰਧ ‘ਚ ਸਿਨਹਾ ਨਾਲ ਗੱਲਬਾਤ ਕਰ ਰਹੇ ਹਨ ਤੇ ਗੱਲਬਾਤ ਸਹੀ ਦਿਸ਼ਾ ‘ਚ ਅੱਗੇ ਵੱਧ ਰਹੀ ਹੈ।
ਪਟਨਾ ਸਾਹਿਬ ਲੋਕ ਸਭਾ ਸੀਟ ਤੋਂ 2 ਵਾਰ ਭਾਜਪਾ ਸੰਸਦ ਮੈਂਬਰ ਰਹਿ ਚੁਕੇ ਸਿਨਹਾ ਕਾਂਗਰਸ ‘ਚ ਸ਼ਾਮਲ ਹੋ ਗਏ ਸਨ ਅਤੇ 2019 ਦੀਆਂ ਲੋਕ ਸਭਾ ਚੋਣਾਂ ‘ਚ ਉਸੇ ਚੋਣ ਖੇਤਰ ਤੋਂ ਮੈਦਾਨ ‘ਚ ਉਤਰੇ ਸਨ ਪਰ ਸਾਬਕਾ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਹੱਥੋਂ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।