-ਅਵਤਾਰ ਸਿੰਘ
ਆਸਟ੍ਰੇਲੀਆ ਦੇ ਮਸ਼ਹੂਰ ਮੈਗਜ਼ੀਨ ‘ਬਿਲਨੀਅਰ’ ਦੇ 14-7- 2014 ਅੰਕ ਵਿੱਚ ਵਿਸ਼ਵ ‘ਚ ਹੁਣ ਤੱਕ ਹੋਏ ਮਹਾਨ ਦਸ ਜਰਨੈਲਾਂ ਵਿੱਚੋਂ ਪਹਿਲੇ ਨੰਬਰ ‘ਤੇ ਹਰੀ ਸਿੰਘ ਨਲੂਆ ਦਾ ਨਾਂ ਆਉਂਦਾ ਹੈ।
ਉਨ੍ਹਾਂ ਤੋਂ ਬਾਅਦ 2 ਚੰਗੇਜ਼ ਖਾਨ (ਮੰਗੋਲੀਆ) 3 ਸਿੰਕਦਰ ਮਹਾਨ (ਯੂਨਾਨ) 4 ਆਟੀਲਾ ਹੂਣ (ਕਜਾਖਸਤਾਨ) 5 ਜੂਲੀਅਸ ਸ਼ੀਜਰ (ਰੋਮਨ ਸੈਨਾਪਤੀ) 6 ਸਾਈਰਸ ਮਹਾਨ (ਈਰਾਨ) 7 ਫਰਾਂਸਿਸਕੋ ਪਿਜੈਰੋ (ਸਪੇਨ) 8 ਨੈਪੋਲੀਅਨ ਬੋਨਾਪਾਰਟ (ਫਰਾਂਸ) 9 ਹਾਨੀਬਲ ਬਰਕਾ (ਟਿਉਨੇਸ਼ੀਆ)10 ਤੈਮੂਰ ਲਿੰਗ (ਉਜੈਬਕਸਤਾਨ)।
ਸਰਦਾਰ ਹਰੀ ਸਿੰਘ ਨਲੂਏ ਦਾ ਜਨਮ 1791 ਨੂੰ ਗੁਜਰਾਂਵਾਲਾ ਵਿਖੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਗੁਰਦਿਆਲ ਸਿੰਘ ਉਪਲ ਖੱਤਰੀ ਦੇ ਘਰ ਮਾਤਾ ਧਰਮ ਕੌਰ ਦੀ ਕੁਖੋਂ ਹੋਇਆ।
ਲਾਹੌਰ ਵਿੱਚ 1805 ਨੂੰ ਬਸੰਤ ਪੰਚਮੀ ‘ਤੇ ਲਗੇ ਦਰਬਾਰ ਵਿੱਚ ਮਹਾਰਾਜਾ ਰਣਜੀਤ ਸਿੰਘ ਨੌਜਵਾਨਾਂ ਦੇ ਵਿਖਾਏ ਜਾ ਰਹੇ ਬਹਾਦਰੀ ਦੇ ਕਰਤਬਾਂ ਵਿੱਚ ਹਰੀ ਸਿੰਘ ਤੋਂ ਬਹੁਤ ਪ੍ਰਭਾਵਤ ਹੋ ਕੇ ਉਸਨੂੰ ਆਪਣੇ ਨਾਲ ਹੀ ਖਿਦਮਤਗਾਰ ਨਿਯੁਕਤ ਕਰ ਲਿਆ।
ਇਕ ਵਾਰ ਜਦੋਂ ਮਹਾਰਾਜਾ ਜੰਗਲ ਵਿੱਚ ਸ਼ਿਕਾਰ ਕਰਨ ਜਾ ਰਹੇ ਸਨ ਤਾਂ ਇਕ ਸ਼ੇਰ ਨੇ ਅਚਾਨਕ ਹਰੀ ਸਿੰਘ ਤੇ ਝਪਟਾ ਮਾਰ ਕੇ ਉਸਨੂੰ ਘੋੜੇ ਤੋਂ ਹੇਠਾਂ ਸੁੱਟ ਲਿਆ।
ਇਸ ਬਹਾਦਰ ਯੋਧੇ ਨੇ ਦੋਹਾਂ ਹੱਥਾਂ ਨਾਲ ਸ਼ੇਰ ਨੂੰ ਜਬਾੜੇ ਤੋਂ ਫੜ ਕੇ ਜੋਰ ਦੀ ਪਰੇ ਸੁੱਟ ਦਿੱਤਾ ਇਸ ਤੋਂ ਪਹਿਲਾਂ ਕੇ ਸ਼ੇਰ ਹਮਲਾ ਕਰਦਾ ਹਰੀ ਸਿੰਘ ਨੇ ਤਲਵਾਰ ਕਢ ਕੇ ਸ਼ੇਰ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ।
ਮਹਾਰਾਜਾ ਨੇ ਖੁਸ਼ ਹੋ ਕੇ ਕਿਹਾ, “ਅੱਜ ਤੋਂ ਤੂੰ ਸਾਡਾ ‘ਨਲਵਾ’ ਸਰਦਾਰ ਹੀ ਹੈ।” ਉਸਨੂੰ ਸ਼ੇਰ ਦਿਲ ਰੈਜਮੈਂਟ ਦਾ ਸਰਦਾਰ-ਏ-ਆਲਾ ਨਿਯੁਕਤ ਕਰ ਦਿੱਤਾ। ਆਪਣੀ ਯੋਗਤਾ ਤੇ ਅਦੁੱਤੀ ਕਾਰਨਾਂ ਕਰਕੇ ਖਾਲਸਾ ਫੌਜ ਦੇ ਆਹੁਦੇ “ਕਮਾਂਡਰ-ਇਨ- ਚੀਫ” ਤੇ ਪਹੁੰਚੇ।
ਉਨ੍ਹਾਂ ਨੇ ਕਸੂਰ, ਮੁਲਤਾਨ, ਮਿਠੀ ਟਿਵਾਣੇ ਦੀ ਗੜੀ, ਮੁੰਘੇਰ, ਅਟਕ, ਕਸ਼ਮੀਰ ਤੇ ਜਿੱਤਾਂ ਪ੍ਰਾਪਤ ਕੀਤੀਆਂ ਤੇ ਹਜ਼ਾਰੇ ਦੀ ਬਗਾਵਤ ਨੂੰ ਦਬਾਇਆ। ਅਟਕ ਦੀ ਜਿੱਤ ਤੋਂ ਬਾਅਦ ਅਫਗਾਨੀ ਇਸਤਰੀਆਂ (ਪਠਾਣੀਆਂ) ਆਪਣੇ ਬੱਚਿਆਂ ਨੂੰ ਚੁੱਪ ਕਰਾਉਣ ਲਈ “ਚੁਪ ਸ਼ਾ,ਹਰੀਆ ਰਾਂਗਲੇ” (ਭਾਵ ਹਰੀ ਸਿੰਘ ਨਲੂਆ ਆ ਗਿਆ) ਕਹਿੰਦੀਆਂ ਸਨ।
ਆਪ ਕਸ਼ਮੀਰ, ਪਿਸ਼ਾਵਰ ਤੇ ਹਜ਼ਾਰਾ ਦੇ ਗਵਰਨਰ ਬਣੇ। ਉਨ੍ਹਾਂ ਨੇ ਆਪਣੇ ਨਾਂ ‘ਤੇ ਸਿੱਕੇ ਵੀ ਜਾਰੀ ਕੀਤੇ ਜੋ ਬਾਅਦ ਵਿੱਚ ਕਈ ਸਾਲ ਚਲਦੇ ਰਹੇ, ਕਸ਼ਮੀਰ ਵਿੱਚ ਸਰਕਾਰੀ ਸਹਾਇਤਾ ਨਾਲ ਦਸਤਕਾਰੀ ਦਾ ਕੰਮ ਤੇ ਕੇਸਰ ਦੀ ਫਸਲ ਲਈ ਮਦਦ ਕਰਕੇ ਦੁਬਾਰਾ ਵਪਾਰ ਸ਼ੁਰੂ ਕਰਵਾਇਆ।
ਪਿਸ਼ਾਵਰ ਵਿੱਚ ਖੂਹ, ਨਹਿਰਾਂ ਕਢਾਈਆਂ ਤੇ ਹਿੰਦੂਆਂ ਤੋਂ ਜਜੀਆ ਹਟਾਇਆ।ਜਮਰੌਦ ਤੇ ਹੋਰ ਕਿਲੇ ਬਣਾਏ। 27 ਅਪ੍ਰੈਲ 1937 ਨੂੰ ਤੀਹ ਹਜ਼ਾਰ ਅਫਗਾਨੀ ਫੌਜ ਨੇ ਜਮਰੌਦ ਦੇ ਕਿਲੇ ਤੇ ਕਬਜਾ ਕਰਨ ਲਈ ਹਮਲਾ ਕਰ ਦਿੱਤਾ। ਉਸ ਸਮੇਂ ਹਰੀ ਸਿੰਘ ਨਲੂਏ ਦੀ ਸਿਹਤ ਠੀਕ ਨਾ ਹੋਣ ਕਰਕੇ ਸਿੱਖ ਫੌਜ (ਇਕ ਹਜ਼ਾਰ) ਦੀ ਅਗਵਾਈ ਸਰਦਾਰ ਮਹਾਂ ਸਿੰਘ ਕਰ ਰਿਹਾ ਸੀ।
ਉਸਦੇ ਸੁਨੇਹੇ ‘ਤੇ ਹਰੀ ਸਿੰਘ ਨੂੰ ਆਪ ਜਾਣਾ ਪਿਆ ਜਿਸ ਕੋਲ ਛੇ ਹਜਾਰ ਫੌਜ ਸੀ। ਜੰਗ ਦੀ ਤਿਆਰੀ ਬਾਰੇ ਮਹਾਰਾਜੇ ਨੂੰ ਖਬਰ 26 ਨੂੰ ਭੇਜੀ ਗਈ ਪਰ ਧਿਆਨ ਸਿੰਘ ਨੇ ਅੱਗੇ ਨਾ ਦਿਤੀ।
30 ਤੱਕ ਲਾਹੌਰ ਤੋਂ ਕੋਈ ਜੁਆਬ ਨਹੀਂ ਮਿਲਿਆ। ਇਸ ਹਮਲੇ ਵਿੱਚ 30 ਅਪ੍ਰੈਲ ਨੂੰ ਹਰੀ ਸਿੰਘ ਨਲਵੇ ਦੇ ਦੋ ਗੋਲੀਆਂ ਛਾਤੀ ਤੇ ਵੱਖੀ ਵਿੱਚ ਵਜੀਆਂ। ਮਰਨ ਤੋਂ ਪਹਿਲਾਂ ਮਹਾਂ ਸਿੰਘ ਨੂੰ ਕਿਹਾ ਕਿ “ਲਾਹੌਰ ਤੋਂ ਫੌਜ ਆਉਣ ਤਕ ਮੇਰੀ ਮੌਤ ਨੂੰ ਗੁਪਤ ਰੱਖ ਕੇ ਲੜਿਆ ਜਾਵੇ।” ਹਰੀ ਸਿੰਘ ਤੇ ਉਨ੍ਹਾਂ ਤੋਂ ਬਾਅਦ ਤੇ ਅੱਜ ਵੀ ਇਸ ਪਰਿਵਾਰ ਵਾਲੇ ਨਾਂ ਨਾਲ ਆਪਣੀ ‘ਗੋਤ’ ਉਪਲ ਨਹੀਂ ਲਾਉਂਦੇ ਸਗੋਂ ‘ਨਲਵਾ’ ਹੀ ਲਿਖਦੇ ਹਨ।
***
ਦਾਦਾ ਸਾਹਿਬ ਫਾਲਕੇ
ਹਿੰਦੋਸਤਾਨ ਦੇ ਸਿਨੇਮੇ ਦੇ ਪਿਤਾਮਾ ਦਾਦਾ ਸਾਹਿਬ ਫਾਲਕੇ ਦਾ ਪੂਰਾ ਨਾਂ ਧੁੰਦੀ ਰਾਜ ਗੋਵਿੰਦਾ ਸੀ ਉਸ ਦੀ ਪਹਿਲੀ ਖਾਮੋਸ਼ ਫਿਲਮ ਰਾਜਾ ਹਰੀਸ਼ ਚੰਦਰ 3/5/1913 ਨੂੰ ਮੁੰਬਈ ਦੇ ਕੋਰੋਨੇਸ਼ਨ ਥੀਏਟਰ ਵਿੱਚ ਲੱਗੀ। ਉਸਦਾ ਜਨਮ 30/4/1870 ਨੂੰ ਨਾਸਿਕ ਵਿੱਚ ਹੋਇਆ। ਬੰਬੇ ਤੋਂ ਨਾਟਕ ਤੇ ਫੋਟੋਗਰਾਫੀ ਸਿੱਖਣ ਤੋਂ ਬਾਅਦ ਜਰਮਨੀ ਤੋ ਫਿਲਮ ਨਿਰਮਾਣ ਸਿੱਖਿਆ।ਦਾਦਾ ਸਾਹਿਬ ਫਾਲਕੇ ਨੇ ਫਿਲਮ ਕੰਪਨੀ ਬਣਾ ਕੇ ਕਈ ਫਿਲਮਾਂ ਬਣਾਈਆਂ। 16/2/1944 ਨੂੰ ਦੇਹਾਂਤ ਹੋ ਗਿਆ। ਭਾਰਤ ਸਰਕਾਰ ਨੇ 1971 ਵਿੱਚ ਡਾਕ ਟਿਕਟ ਜਾਰੀ ਕੀਤਾ ਤੇ 1969 ਤੋਂ ਹਰ ਸਾਲ ਹਿੰਦੀ ਸਿਨੇਮੇ ਵਿੱਚ ਕਿਸੇ ਨਾਮੀ ਕਲਾਕਾਰ ਨੂੰ ‘ਦਾਦਾ ਸਾਹਿਬ ਫਾਲਕੇ ਰਾਸ਼ਟਰੀ ਪੁਰਸਕਾਰ’ ਦਿੱਤਾ ਜਾਂਦਾ ਹੈ।