ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੱਤਰ ਭੇਜ ਕੇ 50 ਕਰੋੜ ਰੁਪਏ ਦੀ ਮੰਗੀ ਫਿਰੌਤੀ, ਨਾ ਦੇਣ ’ਤੇ ਬੰਬ ਨਾਲ ਉਡਾਉਣ ਦੀ ਦਿੱਤੀ ਧਮਕੀ

TeamGlobalPunjab
2 Min Read

ਪਟਨਾ:  ਬਿਹਾਰ ਵਿੱਚ ਕੋਰੋਨਾ ਦੇ ਵੱਧ ਰਹੇ ਸੰਕਰਮਣ ਦੀਆਂ ਖਬਰਾਂ ਦੇ ਵਿਚਕਾਰ  ਰਾਜਧਾਨੀ ਪਟਨਾ ਵਿੱਚ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਤਖਤ ਸ੍ਰੀ ਪਟਨਾ ਸਾਹਿਬ ਵਿਖੇ ਪੱਤਰ ਭੇਜ ਕੇ 50 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਹੈ। ਫਿਰੌਤੀ ਦੀ ਰਕਮ ਨਾ ਦੇਣ ’ਤੇ ਇਕ ਮਹੀਨੇ ਵਿਚ ਗੁਰਦੁਆਰਾ ਬਾਲਲੀਲਾ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਨੂੰ ਦਿੱਤੀ ਗਈ ਇਸ ਧਮਕੀ ਦੀ ਖ਼ਬਰ ਫੈਲਦਿਆਂ ਹੀ ਚਾਰੇ ਪਾਸੇ ਹੜਕੰਪ ਮਚ ਗਿਆ ਹੈ। ਪ੍ਰਬੰਧਕੀ ਬੋਰਡ ਵਲੋਂ ਇਹ ਧਮਕੀ ਭਰਿਆ ਪੱਤਰ ਪਟਨਾ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ।  ਪੱਤਰ ਭੇਜਣ ਵਾਲੇ ਵਿਅਕਤੀ ਨੇ ਪੱਤਰ ਵਿਚ ਆਪਣਾ ਨਾਂ ਅਤੇ ਪਤਾ ਵੀ ਲਿਖਿਆ ਹੈ। ਪੱਤਰ ਭੇਜਣ ਵਾਲੇ ਦਾ ਨਾਂ ਰੰਜਨ ਕੁਮਾਰ ਅਤੇ ਪਤਾ ਮਹਾਤਮਾ ਗਾਂਧੀ ਨਗਰ ਪਟਨਾ ਲਿਖਿਆ ਹੋਇਆ ਹੈ। ਤਖ਼ਤ ਸ੍ਰੀ ਹਰਿਮੰਦਰ ਪ੍ਰਬੰਧਨ ਕਮੇਟੀ ਦੇ ਜਨਰਲ ਸੱਕਤਰ ਦੇ ਨਾਮ ਤੇ  ਇਹ ਪੱਤਰ ਡਾਕ ਰਾਹੀਂ ਭੇਜਿਆ ਗਿਆ ਹੈ।

ਪ੍ਰਬੰਧਕੀ ਬੋਰਡ ਦੇ ਪ੍ਰਸ਼ਾਸਕ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਪੱਤਰ ਮਿਲਣ ਤੋਂ ਬਾਅਦ ਪੁਲੀਸ ਕੋਲ ਸ਼ਿਕਾਇਤ ਦਰਜ ਕਰਾਈ ਗਈ ਅਤੇ ਲੋੜੀਂਦੀ ਕਾਰਵਾਈ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਜਾਣਕਾਰੀ ਦੇਣ ‘ਤੇ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ।

ਮੁਢਲੀ ਜਾਂਚ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵੱਲੋਂ ਪੱਤਰ ਭੇਜਿਆ ਗਿਆ ਹੈ। ਪੂਰਬੀ ਐੱਸਪੀ ਜਿਤੇਂਦਰ ਕੁਮਾਰ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਖੋਜਬੀਣ ਕਰ ਕੇ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ।

- Advertisement -

ਉੱਥੇ ਹੀ ਲਿਫ਼ਾਫ਼ੇ ‘ਚ ਭੇਜੇ ਇਕ ਦੂਸਰੇ ਪੱਤਰ ਵਿਚ ਮਾਰਵਾੜੀ ਕਾਲਜ ਦੇ ਪ੍ਰਿੰਸੀਪਲ ਤੇ ਦੋ ਅਧਿਆਪਕਾਂ ‘ਤੇ ਪੁਰਾਣੇ ਧਰਮ ਗ੍ਰੰਥਾਂ ਨੂੰ ਸਾੜਨ, ਵੇਚਣ ਤੇ ਨਸ਼ਟ ਕਰਨ ਦਾ ਦੋਸ਼ ਲਗਾਇਆ ਹੈ।

Share this Article
Leave a comment