ਫਿਰੋਜ਼ਪੁਰ : ਪੰਜਾਬ ਦੀਆਂ ਜ਼ੇਲ੍ਹਾਂ ਅਕਸਰ ਹੀ ਚਰਚਾ ‘ਚ ਰਹਿੰਦੀਆਂ ਹਨ। ਜਿਸ ਦਾ ਕਾਰਨ ਹੁੰਦਾ ਹੈ ਜ਼ੇਲ੍ਹਾਂ ਅੰਦਰ ਵਜਦੇ ਮੋਬਾਇਲ ਫੋਨ। ਹਰ ਸਮੇਂ ਜਦੋਂ ਹੀ ਚੈੱਕਿੰਗ ਹੁੰਦੀ ਹੈ ਤਾਂ ਮੀਡੀਆ ਦੀਆਂ ਸੁਰਖੀਆਂ ‘ਚ ਇੱਕ ਹੀ ਖਬਰ ਹੁੰਦੀ ਹੈ ਕਿ ਇਸ ਜੇਲ੍ਹ ਅੰਦਰ ਇੰਨੇ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸੇ ਦਰਮਿਆਨ ਹੁਣ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਨ੍ਹਾਂ ਸਾਰੇ ਮਾਮਲਿਆਂ ਤੋਂ ਅੱਗੇ ਲੰਘਦਿਆਂ ਹੁਣ ਜ਼ੇਲ੍ਹਾਂ ਅੰਦਰ ਗੈਂਗਸਟਰਾਂ ਵੱਲੋਂ ਰੰਗਦਾਰੀ ਮੰਗੇ ਜਾਣ ਦੇ ਮਾਮਲੇ ਵੀ ਸਾਹਮਣੇ ਆਉਣ ਲੱਗ ਪਏ ਹਨ। ਮਾਮਲਾ ਫਿਰੋਜ਼ਪੁਰ ਜੇਲ੍ਹ ਦਾ ਹੈ । ਜਿੱਥੇ ਸਜ਼ਾ ਕੱਟ ਰਹੇ ਗੈਂਗਸਟਰ ਧਰਮਿੰਦਰ ‘ਤੇ ਦੋਸ਼ ਹੈ ਕਿ ਉਸ ਵੱਲੋਂ ਜ਼ੇਲ੍ਹ ਅੰਦਰ ਰੰਗਦਾਰੀ ਮੰਗੀ ਗਈ ਹੈ।
ਜਾਣਕਾਰੀ ਮੁਤਾਬਿਕ ਨਾ ਸਿਰਫ ਉਸ ਵੱਲੋਂ ਰੰਗਦਾਰੀ ਮੰਗੀ ਗਈ ਹੈ ਬਲਕਿ ਮਨਾਂ ਕਰਨ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ ਗਈ ਹੈ। ਜਿਸ ਤੋਂ ਬਾਅਦ ਧਰਮਿੰਦਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਦੋ ਅਲੱਗ ਅਲੱਗ ਨੰਬਰਾਂ ਤੋਂ ਰੰਗਦਾਰੀ ਮੰਗੇ ਜਾਣ ਦਾ ਇਲਜ਼ਾਮ ਉਸ ਉੱਪਰ ਲੱਗ ਰਿਹਾ ਹੈ।
ਦੱਸ ਦੇਈਏ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਅਕਸਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ। ਜਿਸ ਨੂੰ ਲੈ ਕੇ ਪਹਿਲਾਂ ਹੀ ਵਿਰੋਧੀ ਧਿਰਾਂ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧ ਰਹੀਆਂ ਹਨ।