ਫਿਰੋਜ਼ਪੁਰ : ਸੂਬੇ ਅੰਦਰ ਅਮਨ ਕਨੂੰਨ ਦੀ ਸਥਿਤੀ ਬਰਕਰਾਰ ਰੱਖਣ ਅਤੇ ਗੈਂਗਸਟਰਾਂ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਲਗਾਤਾਰ ਸੁਚੇਤ ਰਹਿੰਦੀ ਹੈ। ਇਸ ਦੇ ਚਲਦਿਆਂ ਅੱਜ ਫਿਰੋਜ਼ਪੁਰ ਨੂੰ ਇੱਕ ਵੱਡੀ ਸਫਲਤਾ ਹੱਥ ਲੱਗੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਕਈ ਇਰਾਦਾ ਕਤਲ ਅਤੇ ਹੋਰ ਮਾਮਲਿਆਂ ‘ਚ ਭਗੌੜੇ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਉਰਫ ਮੱਲ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਸਬੰਧੀ ਪੁਸ਼ਟੀ ਕਰਦਿਆਂ ਫਿਰੋਜ਼ਪੁਰ ਦੇ ਐਸ ਪੀ ਡੀ ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਗੈਂਗਸਟਰ ਹਰਪ੍ਰੀਤ ਹੈਪੀ ਇਰਾਦਾ ਕਤਲ ਦੇ ਨਾਲ ਨਾਲ ਹੋਰ ਕਈ ਮਾਮਲਿਆਂ ‘ਚ ਲੋੜੀਂਦਾ ਸੀ। ਸਿੱਧੂ ਨੇ ਦੱਸਿਆ ਕਿ ਹੈਪੀ ਅਤੇ ਉਸ ਦੀ ਗੈਂਗ ਦੇ ਸਾਥੀਆਂ ਨੇ ਖਰੜ ਵਿੱਚ ਫਿਰੋਜ਼ਪੁਰ ਦੇ ਰਹਿਣ ਵਾਲੇ ਵਿਅਕਤੀ ਇੰਦਰਜੀਤ ਸਿੰਘ ਉਰਫ ਟੀਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਲੰਮੇ ਸਮੇਂ ਤੋਂ ਇਸ ਦੀ ਭਾਲ ਕੀਤੀ ਜਾ ਰਹੀ ਸੀ ਪਰ ਇਹ ਹਰ ਵਾਰ ਇਹ ਪੁਲਿਸ ਨੂੰ ਚਕਮਾ ਦੇ ਫਰਾਰ ਹੁੰਦਾ ਰਿਹਾ।
ਉਨ੍ਹਾਂ ਦੱਸਿਆ ਕਿ ਅੱਜ ਪੁਲਿਸ ਨੂੰ ਇੱਕ ਗੁਪਤ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਸਹਿਰ ਦੀ ਇੱਕ ਜਿੰਮ ਵਿੱਚ ਮੌਜੂਦ ਹੈ। ਜਿਸ ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਸਿਟੀ ਦੀ ਪੁਲਿਸ ਨੇ ਜਦ ਜਿੰਮ ਤੇ ਰੇਡ ਕੀਤੀ ਤਾਂ ਗੈਂਗਸਟਰ ਹਰਪ੍ਰੀਤ ਹੈਪੀ ਨੇ ਇੱਕ ਵਾਰ ਫਿਰ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ ਉਸਨੂੰ ਮੌਕੇ ਤੇ ਹੀ ਦਬੋਚ ਲਿਆ ਅਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਇਸ ਦਾ ਰਿਮਾਂਡ ਲੈਕੇ ਪੁਛਗਿੱਛ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਕੋਲੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ।