ਪੱਚਰੰਡਾ :ਬੀਤੇ ਦਿਨੀਂ ਜੰਮੂ ਕਸ਼ਮੀਰ ਵਿੱਚ ਪੁਣਛ ਇਲਾਕੇ ਵਿਚ ਹੋਈ ਮੁੱਠਭੇੜ ਵਿੱਚ ਪੰਜ ਫੌਜੀ ਸ਼ਹੀਦ ਹੋ ਗਏ ਸਨ। ਜਿਨ੍ਹਾਂ ‘ਚੋਂ ਇੱਕ ਜ਼ਿਲ੍ਹਾ ਰੂਪਨਗਰ ਦੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਪੱਚਰੰਡਾ ਦਾ ਰਹਿਣ ਵਾਲਾ ਸੀ। ਜਿੱਥੇ ਘਰ ਦੇ ਵਿਚ ਗਮਹੀਨ ਮਾਹੌਲ ਬਣਿਆ ਹੋਇਆ ਹੈ, ਉੱਥੇ ਹੀ ਦੂਜੇ ਪਾਸੇ ਪਰਿਵਾਰਕ ਮੈਂਬਰ ਕਹਿ ਰਹੇ ਹਨ ਕਿ ਸਾਨੂੰ ਆਪਣੇ ਹੋਣਹਾਰ ਪੁੱਤਰ ‘ਤੇ ਫਖ਼ਰ ਹੈ। ਉਧਰ ਪਿੰਡ ਵਾਸੀਆਂ ਦੀ ਗੱਲ ਮੰਨੀ ਜਾਵੇ ਤਾਂ ਉਹ ਕਹਿੰਦੇ ਹਨ ਕਿ ਹੱਦਾਂ ‘ਤੇ ਚੌਕਸੀ ਵਧਾਉਣੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਮਾਂ ਦਾ ਫ਼ੌਜੀ ਪੁੱਤ ਸ਼ਹੀਦ ਨਾ ਹੋ ਸਕੇ।
ਇਸ ਮੌਕੇ ਸ਼ਹੀਦ ਗੱਜਣ ਸਿੰਘ ਦੇ ਪਿਤਾ ਸ਼ਿੰਗਾਰਾ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸ਼ਹੀਦ ਗੱਜਣ ਸਿੰਘ ਦਾ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਮ੍ਰਿਤਕ ਦੇਹ ਫੌਜੀ ਵੀਰਾਂ ਵੱਲੋਂ ਸਤਿਕਾਰ ਨਾਲ ਪਿੰਡ ਪੱਚਰੰਡਾ ਵਿਖੇ ਲਿਆਂਦੀ ਜਾਵੇਗੀ।
ਦੱਸਣਯੋਗ ਹੈ ਕਿ ਸ਼ਹੀਦ ਗੱਜਣ ਸਿੰਘ ਦਾ ਵਿਆਹ ਫਰਵਰੀ 2021 ਨੂੰ ਹੋਇਆ ਸੀ, ਜਦੋਂ ਉਹ ਕਿਸਾਨੀ ਝੰਡੇ ਨਾਲ ਟਰੈਕਟਰ ‘ਤੇ ਬਰਾਤ ਲੈ ਕੇ ਗਏ ਸਨ।
ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸਨੇ ਇੱਕ ਹਫ਼ਤੇ ਬਾਅਦ ਹੀ ਪਿੰਡ ਛੁੱਟੀ ਕੱਟਣ ਆਉਣਾ ਸੀ, ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਛੁੱਟੀ ਤੋਂ ਪਹਿਲਾਂ ਉਸ ਦੀ ਮ੍ਰਿਤਕ ਦੇਹ ਸਾਡੇ ਘਰ ਵਿੱਚ ਆਵੇਗੀ।