ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਦਸਤਖ਼ਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ

Global Team
3 Min Read

ਅੰਮ੍ਰਿਤਸਰ :ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੀ ਦਸਤਖ਼ਤੀ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਲੰਘੀ 1 ਦਸੰਬਰ ਨੂੰ ਸ਼ੁਰੂ ਕੀਤੀ ਗਈ ਇਹ ਮੁਹਿੰਮ ਤਹਿਤ ਪੰਜਾਬ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ ਹਰਿਆਣਾ, ਉਤਰ ਪ੍ਰਦੇਸ਼ ਅਤੇ ਦਿੱਲੀ ਆਦਿ ਥਾਵਾਂ ’ਤੇ ਵੀ ਲੋਕਾਂ ਵੱਲੋਂ ਪ੍ਰੋਫਾਰਮੇ ਭਰ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਅੰਦਰ ਵੀ ਇਸ ਮੁਹਿੰਮ ਨਾਲ ਸੰਗਤਾਂ ਜੁੜ ਰਹੀਆਂ ਹਨ। ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਪ੍ਰਤਾਪ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਤੋਂ ਦਸਤਖ਼ਤੀ ਮੁਹਿੰਮ ਪ੍ਰਤੀ ਸੰਗਤਾਂ ਵਿਚ ਵੱਡਾ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ਅਨੁਸਾਰ ਪਹਿਲੇ ਪੜਾਅ ਤਹਿਤ 25 ਦੇ ਕਰੀਬ ਪੰਜਾਬ ਅਤੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨ ਵਿਖੇ ਪ੍ਰੋਫਾਰਮੇ ਭਰਨ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ, ਜਿਸ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਤਰ ਪ੍ਰਦੇਸ਼ ਅਤੇ ਦਿੱਲੀ ਵਿਖੇ ਵੀ ਸਿੱਖ ਮਿਸ਼ਨਾਂ ਰਾਹੀਂ ਦਸਤਖ਼ਤੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਦੀ ਲਗਾਤਾਰਤਾ ਵਿਚ ਦੇਸ਼ ਦੇ ਬਾਕੀ ਥਾਵਾਂ ’ਤੇ ਸਥਿਤ ਸ਼੍ਰੋਮਣੀ ਕਮੇਟੀ ਦੇ ਸਿੱਖ ਮਿਸ਼ਨਾਂ ਨੂੰ ਵੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਲਈ ਤਿਆਰ ਕੀਤੇ ਪ੍ਰੋਫਾਰਮੇ ਭੇਜੇ ਜਾ ਰਹੇ ਹਨ। ਇਸ ਦੇ ਨਾਲ ਹੀ ਆਨਲਾਈਨ ਮਾਧਿਅਮ ਦੁਆਰਾ ਵੀ ਪ੍ਰੋਫਾਰਮੇ ਭਰਵਾਉਣ ਦਾ ਕਾਰਜ ਜਾਰੀ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਬੀਤੇ ਕੱਲ੍ਹ ਤੱਕ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿਖੇ 1 ਲੱਖ 20 ਹਜ਼ਾਰ ਤੋਂ ਵੱਧ ਸੰਗਤਾਂ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਤਹਿਤ ਪ੍ਰੋਫਾਰਮੇ ਭਰੇ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ 5 ਹਜ਼ਾਰ ਦੇ ਕਰੀਬ ਆਨਲਾਈਨ ਇਦਰਾਜ਼ ਵੀ ਪ੍ਰਾਪਤ ਹੋਏ ਹਨ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਵਿਚ ਵਿਦਿਅਕ ਅਦਾਰਿਆਂ ਅਤੇ ਹੋਰ ਗੁਰਦੁਆਰਾ ਸਾਹਿਬਾਨ ਦੇ ਨਾਲ-ਨਾਲ ਪਿੰਡ ਪੱਧਰ ਤੱਕ ਵੀ ਇਹ ਮੁਹਿੰਮ ਪਹੁੰਚਾਈ ਜਾਵੇਗੀ।

ਇਸੇ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਆਸਟ੍ਰੇਲੀਆ ਤੋਂ ਵੀ ਦਸਤਖ਼ਤੀ ਮੁਹਿੰਮ ਨਾਲ ਲੋਕਾਂ ਨੂੰ ਜੋੜਨ ਲਈ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਪ੍ਰੀਤ ਸਿੰਘ ਝੱਬਰ ਨੇ ਸਥਾਨਕ ਲੋਕਾਂ ਨਾਲ ਇਕੱਤਰਤਾਵਾਂ ਕੀਤੀਆਂ ਹਨ। ਉਨ੍ਹਾਂ ਨੇ ਆਸਟ੍ਰੇਲੀਆ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਆਸਟ੍ਰੇਲੀਆ ਅੰਦਰ ਦਸਤਖ਼ਤੀ ਮੁਹਿੰਮ ਪ੍ਰਤੀ ਪੰਜਾਬੀਆਂ ਨੂੰ ਜਾਗਰੂਕ ਕੀਤਾ ਗਿਆ ਹੈ। ਇਨ੍ਹਾਂ ਇਕੱਤਰਤਾਵਾਂ ਦੌਰਾਨ ਸੰਗਤ ਨੂੰ ਆਨਲਾਈਨ ਵਿਧੀ ਰਾਹੀਂ ਫਾਰਮ ਭਰਨ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਇਸ ਲਹਿਰ ਨੂੰ ਦੇਸ਼ ਅੰਦਰ ਸਰਗਰਮੀ ਨਾਲ ਅੱਗੇ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ ਹੈ।

Share this Article
Leave a comment