ਵਰਲਡ ਡੈਸਕ :– ਨਿਊਜ਼ੀਲੈਂਡ ਦੇ ਇਤਿਹਾਸ ‘ਚ ਪਹਿਲੀ ਵਾਰ ਭਾਰਤੀ ਭਾਈਚਾਰਾ ਵੱਡੇ ਪੱਧਰ ‘ਤੇ ‘ਫੱਗ ਮਹਾਉਤਸਵ’ ਮਨਾਏਗਾ। ਭਾਰਤ ‘ਚ ਰੰਗਾਂ ਦਾ ਇਹ ਤਿਉਹਾਰ ਫੱਗਣ ਮਹੀਨੇ ‘ਚ ਮਨਾਇਆ ਜਾਂਦਾ ਹੈ। ਹਿੰਦੂ ਐਲਡਰਜ਼ ਫਾਊਂਡੇਸ਼ਨ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। 27 ਮਾਰਚ ਤੋਂ ਸ਼ੁਰੂ ਕਰ ਕੇ ਇਹ ਉਤਸਵ ਪੂਰਾ ਹਫ਼ਤਾ ਵੱਖ-ਵੱਖ ਥਾਵਾਂ ‘ਤੇ ਮਨਾਇਆ ਜਾਵੇਗਾ।
ਉਨੇਹੁੰਗਾ ‘ਚ ਸ਼ਾਂਤੀ ਨਿਵਾਸ ਚੈਰੀਟੇਬਲ ਟਰੱਸਟ ਦੇ ਦਫ਼ਤਰ ‘ਚ ਪ੍ਰਰੈੱਸ ਕਾਨਫਰੰਸ ਦੌਰਾਨ ਮੁੱਖ ਪ੍ਰਬੰਧਕ ਰੂਪਨ ਚਾਂਦ, ਨਿਲੀਮਾ ਵੈਂਕਟ ਤੇ ਦਿਨੇਸ਼ ਪਾਹੂਜਾ ਨੇ ਦੱਸਿਆ ਕਿ ਨਿਊਜ਼ੀਲੈਂਡ ‘ਚ ਭਾਰਤੀ ਤਿਉਹਾਰਾਂ ਨਾਲ ਆਮ ਲੋਕਾਂ ਦੀ ਸਾਂਝ ਬਣਾ ਕੇ ਰੱਖਣ ਦੇ ਮਕਸਦ ਨਾਲ ‘ਆਕਲੈਂਡ ਫੱਗ ਮਹਾਉਤਸਵ’ ਮਨਾਇਆ ਜਾਵੇਗਾ ਤਾਂ ਜੋ ਭਾਰਤੀ ਸੱਭਿਆਚਾਰ ਤੇ ਰਵਾਇਤਾਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਇਆ ਜਾ ਸਕੇ। ਇਸ ਉਤਸਵ ਦੀ ਸ਼ੁਰੂਆਤ 11 ਬਰਿਸ ਸਟਰੀਟ ‘ਤੇ ਬਣੇ ਸ੍ਰੀ ਰਾਮ ਮੰਦਰ ਤੋਂ 27 ਮਾਰਚ ਸ਼ਨਿਚਰਵਾਰ ਨੂੰ ਕੀਤੀ ਜਾਵੇਗੀ ਤੇ ਅਖੀਰਲਾ ਵੱਡਾ ਸਮਾਗਮ ਆਕਲੈਂਡ ਦੇ ਈਡਨ ਟੈਰੇਸ ਵਾਲੇ ਮਹਾਤਮਾ ਗਾਂਧੀ ਸੈਂਟਰ ‘ਚ ਕੀਤਾ ਜਾਵੇਗਾ।
ਸਮਾਪਤੀ ਸਮਾਗਮ ਦੌਰਾਨ 5 ਅਪ੍ਰਰੈਲ ਨੂੰ ਰੰਗੋਲੀ, ਰੰਗ ਤੇ ਮਹਿੰਦੀ ਦੇ ਮੁਕਾਬਲੇ ਤੋਂ ਇਲਾਵਾ ਗਰੁੱਪ ਡਾਂਸ, ਗੀਤ ਤੇ ਮਨੋਰੰਜਕ ਈਵੈਂਟ ਕਰਵਾਏ ਜਾਣਗੇ, ਜਿਸ ਮੌਕੇ ਭਾਰਤੀ ਹਾਈ ਕਮਿਸ਼ਨਰ ਮੁਕਤੇਸ਼ ਪਰਦੇਸ਼ੀ ਗੈਸਟ ਆਫ ਆਨਰ ਹੋਣਗੇ।