ਦੇਸ਼ ਦੇ ਇਸ ਸੂਬੇ ’ਚ ਪੈਟਰੋਲ – ਡੀਜ਼ਲ ਦੀ ਭਾਰੀ ਕਿੱਲਤ! 400 ਤੋਂ ਵੱਧ ਪੰਪ ਬੰਦ

Global Team
2 Min Read

ਆਂਧਰਾ ਪ੍ਰਦੇਸ਼ : ਸੂਬੇ ‘ਚ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਦੇ ਖ਼ਦਸ਼ੇ ਕਾਰਨ ਘਬਰਾਹਟ ਵਿੱਚ ਹੋਈ ਖਰੀਦੋ-ਫਰੋਖਤ ਦੇ ਚਲਦਿਆਂ 421 ਪੈਟਰੋਲ ਪੰਪ ਬੰਦ ਹੋ ਗਏ ਹਨ।ਸੂਬੇ ਭਰ ਦੇ ਵੱਖ-ਵੱਖ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ। ਸੂਤਰਾਂ ਅਨੁਸਾਰ, ਇਸ ਹਫ਼ਤੇ ਦੇ ਅਖੀਰ ਵਿੱਚ ਸੋਸ਼ਲ ਮੀਡੀਆ ‘ਤੇ ਅਮਰੀਕਾ-ਈਰਾਨ ਜੰਗ ਦੇ ਵਧਣ ਦੇ ਖ਼ਦਸ਼ੇ ਵਾਲੀਆਂ ਖ਼ਬਰਾਂ ਕਾਰਨ ਲੋਕਾਂ ਵਿੱਚ ਹਫੜਾ ਦਫੜੀ ਮਚ ਗਈ ਅਤੇ ਤੇਲ ਦੀ ਕਿੱਲਤ ਪੈਦਾ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਕਈ ਥਾਵਾਂ ‘ਤੇ ਹਜ਼ਾਰਾਂ ਲੋਕ ਪੈਟਰੋਲ ਪੰਪਾਂ ਦੇ ਬਾਹਰ ਕਤਾਰਾਂ ਵਿੱਚ ਖੜ੍ਹੇ ਹੋ ਕੇ ਲੋੜ ਤੋਂ ਵੱਧ ਤੇਲ ਖਰੀਦ ਰਹੇ ਸਨ।

ਆਂਧਰਾ ਪ੍ਰਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਨੂੰ ਲੈ ਕੇ ਅਚਾਨਕ ਬਣੇ ਹਾਲਾਤ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ । ਸੂਬੇ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਤੁਰੰਤ ਐਕਸ਼ਨ ਪਲਾਨ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟਾਂ ਵਿੱਚ ਦੱਸਿਆ ਗਿਆ ਕਿ ਸੂਬੇ ਦੇ ਕਈ ਪੈਟਰੋਲ ਪੰਪ ਪੈਟਰੋਲ ਅਤੇ ਡੀਜ਼ਲ ਦੀ ਕਿੱਲਤ ਕਾਰਨ ਬੰਦ ਹੋ ਗਏ ਹਨ। ਇਹ ਸਥਿਤੀ ਮੁੱਖ ਤੌਰ ‘ਤੇ ਲੋਕਾਂ ਵੱਲੋਂ ਘਬਰਾਹਟ ਵਿੱਚ ਜ਼ਿਆਦਾ ਤੇਲ ਖਰੀਦਣ ਕਾਰਨ ਪੈਦਾ ਹੋਈ ਹੈ।

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਸੁਲਝਾਉਣ ਲਈ ਸਾਰੇ ਵਿਭਾਗ ਮਿਲ ਕੇ ਕੰਮ ਕਰਨ ਅਤੇ ਚੁੱਕੇ ਗਏ ਕਦਮਾਂ ਦੀ ਰਿਪੋਰਟ ਜਲਦ ਸੌਂਪਣ। ਇਸ ਮੁੱਦੇ ‘ਤੇ ਮੁੱਖ ਮੰਤਰੀ ਨੇ ਮੁੱਖ ਸਕੱਤਰ ਜੀ. ਸਾਈ ਪ੍ਰਸਾਦ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਬੈਠਕ ਵੀ ਕੀਤੀ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਕੁੱਲ 4,510 ਪੈਟਰੋਲ ਪੰਪ ਹਨ, ਜਿਨ੍ਹਾਂ ਵਿੱਚੋਂ ਲਗਭਗ 421 ਪੰਪ ਅਸਥਾਈ ਤੌਰ ‘ਤੇ ਬੰਦ ਹੋ ਗਏ ਹਨ।

ਅਧਿਕਾਰੀਆਂ ਅਨੁਸਾਰ, ਸ਼ਨੀਵਾਰ ਨੂੰ 10,345 ਕਿਲੋਲੀਟਰ ਪੈਟਰੋਲ ਅਤੇ 14,156 ਕਿਲੋਲੀਟਰ ਡੀਜ਼ਲ ਦੀ ਸਪਲਾਈ ਦਿੱਤੀ ਗਈ ਸੀ, ਪਰ ਇਸ ਦੇ ਬਾਵਜੂਦ ਕਈ ਥਾਵਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਆਮ ਦਿਨਾਂ ਵਿੱਚ ਜਿੱਥੇ ਪੈਟਰੋਲ ਦੀ ਰੋਜ਼ਾਨਾ ਖਪਤ ਲਗਭਗ 6,330 ਕਿਲੋਲੀਟਰ ਅਤੇ ਡੀਜ਼ਲ ਦੀ 9,048 ਕਿਲੋਲੀਟਰ ਹੁੰਦੀ ਹੈ, ਉੱਥੇ ਹੀ ਸ਼ਨੀਵਾਰ ਨੂੰ ਪੈਟਰੋਲ ਦੀ ਵਿਕਰੀ ਵਧ ਕੇ 8,489 ਕਿਲੋਲੀਟਰ ਅਤੇ ਡੀਜ਼ਲ ਦੀ 10,556 ਕਿਲੋਲੀਟਰ ਤੱਕ ਪਹੁੰਚ ਗਈ।ਅਧਿਕਾਰੀਆਂ ਨੇ ਦੱਸਿਆ ਕਿ ਅਚਾਨਕ ਵਧੀ ਮੰਗ ਕਾਰਨ ਕਈ ਪੈਟਰੋਲ ਪੰਪਾਂ ‘ਤੇ ਸਟਾਕ ਜਲਦੀ ਖਤਮ ਹੋ ਗਿਆ।

 

Share This Article
Leave a Comment