ਨਵੀਂ ਦਿੱਲੀ: ਦੇਸ਼ ਦੀਆਂ ਕੁਝ ਮਸ਼ਹੂਰ ਸ਼ਰਾਬ ਕੰਪਨੀਆਂ FSSAI ਦੀ ਕਾਰਵਾਈ ਦੇ ਘੇਰੇ ਵਿੱਚ ਆ ਗਈਆਂ ਹਨ। ਫੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (FSSAI) ਨੇ ਫਲੇਵਰਿੰਗ ਏਜੰਟਾਂ ਦੀ ਵਰਤੋਂ ਅਤੇ ਉਤਪਾਦਾਂ ਦੇ ਲੇਬਲਾਂ ‘ਤੇ ਕੀਤੇ ਗਏ ਕਥਿਤ ਗੁੰਮਰਾਹਕੁੰਨ ਉਮਰ ਸਬੰਧੀ ਦਾਅਵਿਆਂ ਨੂੰ ਲੈ ਕੇ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮਾਮਲੇ ਵਿੱਚ ਕੁਝ ਕੰਪਨੀਆਂ ਦੇ ਉਤਪਾਦਾਂ ਦੀ ਵਿਕਰੀ ‘ਤੇ ਵੀ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।
ਫਲੇਵਰ ਅਤੇ ਨਿਯਮਾਂ ਦੀ ਉਲੰਘਣਾ ਦੇ ਦੋਸ਼
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਮੁਤਾਬਕ ਜਾਂਚ ਦੌਰਾਨ ਸਾਹਮਣੇ ਆਇਆ ਕਿ ਕੁਝ ਨਿਰਮਾਤਾ ਮੁੱਖ ਤੌਰ ‘ਤੇ ਸਪਿਰਿਟ ਜਾਂ ਐਕਸਟਰਾ ਨਿਊਟ੍ਰਲ ਅਲਕੋਹਲ (ENA) ਦੀ ਵਰਤੋਂ ਕਰਕੇ ਸ਼ਰਾਬ ਤਿਆਰ ਕਰ ਰਹੇ ਸਨ। ਇਸ ਤੋਂ ਬਾਅਦ ਉਸ ਵਿੱਚ ਫਲੇਵਰ ਮਿਲਾ ਕੇ ਉਸ ਨੂੰ ਰਮ ਅਤੇ ਵਿਸਕੀ ਵਰਗੇ ਮਿਆਰੀ ਉਤਪਾਦਾਂ ਦੀ ਖੁਸ਼ਬੂ ਅਤੇ ਸਵਾਦ ਵਰਗਾ ਬਣਾਇਆ ਜਾ ਰਿਹਾ ਸੀ।
ਮੰਤਰਾਲੇ ਨੇ ਕਿਹਾ ਕਿ ਅਜਿਹੇ ਉਤਪਾਦ ਨਾ ਸਿਰਫ਼ ਘਟੀਆ ਗੁਣਵੱਤਾ ਵਾਲੇ ਹੁੰਦੇ ਹਨ, ਸਗੋਂ ਉਨ੍ਹਾਂ ਨੂੰ ਮਿਆਰੀ ਸ਼੍ਰੇਣੀ ਦੇ ਨਾਂ ਹੇਠ ਪੇਸ਼ ਕਰਕੇ ਗਾਹਕਾਂ ਨੂੰ ਗੁੰਮਰਾਹ ਵੀ ਕੀਤਾ ਜਾਂਦਾ ਹੈ। ਨਾਲ ਹੀ, ਪੈਕੇਜਿੰਗ ਦੇ ਸਾਹਮਣੇ ਵਾਲੇ ਹਿੱਸੇ ‘ਤੇ ਉਤਪਾਦ ਦੀ ਅਸਲ ਜਾਣਕਾਰੀ ਵੀ ਸਪੱਸ਼ਟ ਤੌਰ ‘ਤੇ ਨਹੀਂ ਦਿੱਤੀ ਗਈ।
ਲੈਬ ਜਾਂਚ ਵਿੱਚ ਮਿਲੇ ਆਰਟੀਫ਼ਿਸ਼ਲ ਫਲੇਵਰ
ਮੰਤਰਾਲੇ ਨੇ ਦੱਸਿਆ ਕਿ ਕਈ ਨਿਰਮਾਤਾਵਾਂ ਦੀ ਰਮ ਅਤੇ ਵਿਸਕੀ ਦੇ ਨਮੂਨਿਆਂ ਦੀ ਲੈਬ ਜਾਂਚ ਦੌਰਾਨ ਆਰਟੀਫ਼ਿਸ਼ਲ ਜਾਂ ਨੇਚਰ-ਆਈਡੈਂਟੀਕਲ ਫਲੇਵਰ ਮਿਲੇ। ਲੈਬ ਰਿਪੋਰਟ ਅਨੁਸਾਰ ਅਜਿਹੇ ਫਲੇਵਰ ਉਤਪਾਦ ਦੇ ਕੁਦਰਤੀ ਸਵਾਦ ਨੂੰ ਢੱਕ ਦਿੰਦੇ ਹਨ, ਜਿਸ ਕਾਰਨ ਇਹ ਮੌਜੂਦਾ ਨਿਯਮਾਂ ਮੁਤਾਬਕ ਗੁਣਵੱਤਾ ਦੇ ਮਾਪਦੰਡਾਂ ‘ਤੇ ਖਰੇ ਨਹੀਂ ਉਤਰਦੇ।
Old Monk ਦੇ ਦਾਅਵੇ ‘ਤੇ ਵੀ ਸਵਾਲ
ਸਰਕਾਰ ਨੇ Old Monk XXX Rum ਦੇ ਇੱਕ ਵੈਰੀਐਂਟ ‘ਤੇ ਕੀਤੇ ਗਏ “7 ਸਾਲ ਪੁਰਾਣੀ ਬਲੈਂਡਡ” ਹੋਣ ਦੇ ਦਾਅਵੇ ਨੂੰ ਵੀ ਗੁੰਮਰਾਹਕੁੰਨ ਦੱਸਿਆ ਹੈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ Food Safety and Standards (Alcoholic Beverages) Regulations, 2018 ਅਨੁਸਾਰ ਬਲੈਂਡਡ ਸਪਿਰਿਟ ਦੀ ਉਮਰ ਦਾ ਦਾਅਵਾ ਉਸ ਵਿੱਚ ਸ਼ਾਮਲ ਸਭ ਤੋਂ ਘੱਟ ਉਮਰ ਵਾਲੀ ਸਪਿਰਿਟ ਦੇ ਆਧਾਰ ‘ਤੇ ਕੀਤਾ ਜਾਂਦਾ ਹੈ।
ਕਈ ਉਤਪਾਦਾਂ ਦੀ ਵਿਕਰੀ ‘ਤੇ ਰੋਕ
ਲੈਬ ਰਿਪੋਰਟ ਦੇ ਆਧਾਰ ‘ਤੇ FSSAI ਨੇ ਮੋਹਨ ਰੌਕੀ ਸਪ੍ਰਿੰਗਵਾਟਰ ਦੀ ਖੋਪੋਲੀ ਯੂਨਿਟ, ਯੂਨਾਈਟੇਡ ਸਪਿਰਿਟਸ ਦੀ ਬਾਰਾਮਤੀ ਇਕਾਈ, ਮੱਧ ਪ੍ਰਦੇਸ਼ ਵਿੱਚ INBREW Beverages, Associated Alcohol and Breweries ਅਤੇ United Spirits ਦੀ ਇੱਕ ਯੂਨਿਟ ਵੱਲੋਂ ਤਿਆਰ ਕੀਤੇ ਕੁਝ ਉਤਪਾਦਾਂ ਦੀ ਵਿਕਰੀ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਪ੍ਰਭਾਵਿਤ ਬ੍ਰਾਂਡਾਂ ਵਿੱਚ Old Monk Rum, McDowell’s No.1 Rum, Bagpiper Deluxe Whisky, Old Cask Deluxe XXX Rum, Antiquity Blue Whisky ਅਤੇ Royal Challenge Whisky ਦੇ ਵੱਖ-ਵੱਖ ਵਰਜ਼ਨ ਸ਼ਾਮਲ ਹਨ।
ਹੋਰ ਕੰਪਨੀਆਂ ਨੂੰ ਵੀ ਨੋਟਿਸ
ਮੰਤਰਾਲੇ ਨੇ ਦੱਸਿਆ ਕਿ ਗੋਆ ਵਿੱਚ Mandexi Distilleries and Breweries ਵਿੱਚ ਵੀ ਜਾਂਚ ਅਤੇ ਸੈਂਪਲਿੰਗ ਕੀਤੀ ਗਈ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ ਛੇ ਹੋਰ ਨਿਰਮਾਤਾਵਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ।
ਸਰਕਾਰ ਨੇ ਕੀਤੀ ਸਥਿਤੀ ਸਪੱਸ਼ਟ
ਮੰਤਰਾਲੇ ਨੇ ਕਿਹਾ ਕਿ ਕੌਫ਼ੀ ਜਾਂ ਵੈਨੀਲਾ ਵਰਗੇ ਫਲੇਵਰਿੰਗ ਏਜੰਟਾਂ ਦੀ ਵਰਤੋਂ ਉਸ ਵੇਲੇ ਮਨਜ਼ੂਰ ਹੁੰਦੀ ਹੈ ਜਦੋਂ ਉਹ ਕਾਨੂੰਨੀ ਤੌਰ ‘ਤੇ ਮਨਜ਼ੂਰਸ਼ੁਦਾ ਹੋਣ ਅਤੇ ਉਨ੍ਹਾਂ ਦੀ ਵਰਤੋਂ ਲਈ ਤਕਨੀਕੀ ਆਧਾਰ ਮੌਜੂਦ ਹੋਵੇ। ਮੌਜੂਦਾ ਮਾਮਲਾ ਅਜਿਹੇ ਫਲੇਵਰ ਮਿਲਾਉਣ ਨਾਲ ਸਬੰਧਤ ਹੈ ਜੋ ਰਮ ਵਿੱਚ ਰਮ ਅਤੇ ਵਿਸਕੀ ਵਿੱਚ ਵਿਸਕੀ ਵਰਗਾ ਹੀ ਸਵਾਦ ਅਤੇ ਖੁਸ਼ਬੂ ਪੈਦਾ ਕਰਦੇ ਹਨ।
ਮੰਤਰਾਲੇ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਕਾਰਵਾਈ ਪੂਰੇ ਸ਼ਰਾਬ ਉਦਯੋਗ ਖ਼ਿਲਾਫ਼ ਨਹੀਂ ਹੈ। ਕਈ ਨਿਰਮਾਤਾ ਅਜੇ ਵੀ ਨਿਰਧਾਰਤ ਮਾਪਦੰਡਾਂ ਅਨੁਸਾਰ ਸ਼ਰਾਬ ਦਾ ਉਤਪਾਦਨ ਕਰ ਰਹੇ ਹਨ।

