ਨਿਊਜ਼ ਡੈਸਕ: ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਲੋਕਾਂ ਨੂੰ ਵਿਸ਼ਵਾਸ ਦਵਾਉਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਕਿ ਦੇਸ਼ ਵਿੱਚ ਪੈਟਰੋਲੀਅਮ ਸੰਕਟ ਦੀ ਸਥਿਤੀ ‘ਚ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਸਰਕਾਰ ਨੇ ਕਿਹਾ ਕਿ ਸਥਿਤੀ ਠੀਕ ਹੋਣ ਵਿੱਚ ਕੁਝ ਸਮਾਂ ਲੱਗੇਗਾ।
ਬੋਰਿਸ ਜੌਹਨਸਨ ਦੀ ਸਰਕਾਰ ਨੇ ਪੈਟਰੋਲ ਦੀ ਕਮੀ ਨੂੰ ਘੱਟ ਕਰਨ ‘ਚ ਮਦਦ ਲਈ ਫੌਜ ਨੂੰ ਤਿਆਰ ਰਹਿਣ ਲਈ ਕਿਹਾ ਹੈ। ਇਹ ਸੰਕਟ ਟਰੱਕ ਚਾਲਕਾਂ ਦੀ ਕਮੀ ਕਾਰਨ ਪੈਦਾ ਹੋਇਆ ਹੈ ਤੇ ਸੈਂਕੜੇ ਫਿਊਲ ਸਟੇਸ਼ਨਾਂ ‘ਚ ਤੇਲ ਖਤਮ ਹੋ ਗਿਆ ਹੈ।
ਤੇਲ ਦੀ ਸਪਲਾਈ ਵਿੱਚ ਰੁਕਾਵਟ ਦੀਆਂ ਖਬਰਾਂ ਤੋਂ ਬਾਅਦ ਲੋਕਾਂ ਨੇ ਵੱਡੀ ਮਾਤਰਾ ਵਿੱਚ ਪੈਟਰੋਲ ਖਰੀਦਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਪੈਟਰੋਲ ਪੰਪਾਂ ‘ਤੇ ਲੰਬੀਆਂ ਲਾਈਨਾਂ ਲੱਗਣ ਲੱਗੀਆ ਹਨ। ਇਸ ਤੋਂ ਇਲਾਵਾ ਯੂਕੇ ਦੀਆਂ ਸੜਕਾਂ ‘ਤੇ ਕਈ ਥਾਵਾਂ ਤੋਂ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਪੈਟਰੋਲ ਡੀਜ਼ਲ ਲਈ ਲੋਕ ਇੱਕ ਦੂਜੇ ਦੀ ਕੁੱਟਮਾਰ ਕਰ ਰਹੇ ਹਨ ਕਈ ਥਾਵਾਂ ਤੇ ਤਾਂ ਛੁਰੇਬਾਜ਼ੀ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਉਥੇ ਹੀ ਪੈਟਰੋਲ ਰੀਟੇਲਰਜ਼ ਐਸੋਸੀਏਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਦੋ ਤਿਹਾਈ ਆਊਟਲੈਟਸ ਕੋਲ ਪੈਟਰੋਲ ਖਤਮ ਹੋ ਗਿਆ ਹੈ ਅਤੇ ਬਾਕੀ ਦੇ ਪੈਟਰੋਲ ਪੰਪਾਂ ‘ਤੇ ਵੀ ਜਲਦੀ ਹੀ ਖ਼ਤਮ ਹੋ ਜਾਵੇਗਾ।
ਵਿਰੋਧੀ ਧਿਰ ਦੇ ਕਈ ਨੇਤਾਵਾਂ ਨੇ ਇਸ ਪੂਰੇ ਸੰਕਟ ਦੇ ਲਈ ਬ੍ਰੈਗਜਿਟ ਅਤੇ ਬੌਰਿਸ ਜੌਨਸਨ ਨੂੰ ਜ਼ਿੰਮੇਵਾਰ ਦੱਸਿਆ। ਦੂਜੇ ਪਾਸੇ ਟਰਾਂਸਪੋਰਟ ਮੰਤਰੀ ਗਰੈਂਟ ਸ਼ੈਪਸ ਨੇ ਲੋਕਾਂ ਨੂੰ ਸ਼ਾਂਤੀ ਵਰਤਣ ਦੀ ਅਪੀਲ ਕੀਤੀ।