ਫਰਿਜ਼ਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦੀ ਸੈਂਟਰਲ ਵੈਲੀ ਫਰਿਜ਼ਨੋ ਵਿਖੇ ਸਥਿਤ ਗੁਰਦੁਆਰਾ ਨਾਨਕਸਰ ਚੈਰੀ ਐਵਨਿਉ ਵਿਖੇ ਨਾਨਕਸਰ ਮਰਿਯਾਦਾ ਦੇ ਬਾਨੀ ਧੰਨ-ਧੰਨ ਬਾਬਾ ਨੰਦ ਸਿੰਘ ਜੀ ਦੀ 78 ਵੀ ਬਰਸੀਂ ਇਲਾਕਾ ਭਰ ਦੀਆਂ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਜੋਸ਼ ਨਾਲ ਮਨਾਈ ਗਈ।

ਜਿਸ ਵਿੱਚ ਸੰਗਤਾ ਭਾਰੀ ਗਿਣਤੀ ਵਿੱਚ ਸਰਕਾਰ ਦੁਆਰਾ ਕੋਵਿਡ-19 ਦੀਆਂ ਹਦਾਇਤਾਂ ਪਾਲਣਾ ਕਰਦੇ ਹੋਏ ਹਾਜ਼ਰ ਹੋਈਆ। ਇਸ ਸਮੇਂ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਵਿੱਚ ਹਾਜ਼ਰੀ ਭਰਨ ਵਾਲ਼ਿਆਂ ਵਿੱਚ ਗੁਰੂਘਰ ਦਾ ਹਜ਼ੂਰੀ ਜੱਥਾ, ਭਾਈ ਹਰਭਜਨ ਸਿੰਘ ਅਤੇ ਸਾਥੀ, ਵਿਸ਼ੇਸ਼ ਤੋਰ ‘ਤੇ ਪਹੁੰਚੇ ਗੁਰਬਾਣੀ ਕੀਰਤਨ ਦੇ ਰਸੀਏ ਭਾਈ ਅਮਰਜੀਤ ਸਿੰਘ ਤਾਨ ਦੇ ਕੀਰਤਨੀ ਜੱਥੇ ਨੇ ਹਾਜ਼ਰੀ ਭਰੀ। ਉਨ੍ਹਾਂ ਕੀਰਤਨ ਕਰਦਿਆਂ ਬਾਬਾ ਨੰਦ ਸਿੰਘ ਦਾ ਗੁਰੂ ਅਤੇ ਗੁਰਬਾਣੀ ਪ੍ਰਤੀ ਸ਼ਰਧਾ-ਸਮਰਪਣ ਦਾ ਜ਼ਿਕਰ ਕਰਦੇ ਹੋਏ ਸੰਖੇਪ ਵਿੱਚ ਜੀਵਨ ਸਾਂਝਾ ਕੀਤਾ। ਇਸ ਤੋਂ ਇਲਾਵਾ ਕਈ ਹੋਰ ਬੁਲਾਰਿਆਂ ਦੁਆਰਾਂ ਗੁਰਮਤਿ ਵਿਚਾਰਾ ਦੀ ਸਾਂਝ ਪਾਈ ਗਈ।

ਇਸ ਸਮੇਂ ਹਾਜ਼ਰ ਬੁਲਾਰਿਆਂ ਅਤੇ ਸੰਗਤਾਂ ਦੁਆਰਾ ਇਸ ਗੁਰੂਘਰ ਵਿੱਚ ਲੰਮਾ ਅਰਸਾ ਸੇਵਾ ਕਰਵਾਉਣ ਵਾਲੇ ਸਵਰਗਵਾਸੀ ਬਾਬਾ ਕਰਤਾਰ ਸਿੰਘ ਜੀ ਨਾਨਕਸਰ ਫਰਿਜ਼ਨੋ ਵਾਲ਼ਿਆਂ ਨੂੰ ਵੀ ਯਾਦ ਕੀਤਾ ਗਿਆ। ਜੋ ਇਸੇ ਸਾਲ, ਕੁਝ ਮਹੀਨੇ ਪਹਿਲਾ ਅਕਾਲ ਚਲਾਣਾ ਕਰ ਗਏ ਸਨ। ਜਿੰਨਾ ਦਾ ਸੰਗਤਾਂ ਨੂੰ ਇਸ ਗੁਰੂਘਰ ਅਤੇ ਗੁਰਬਾਣੀ ਨਾਲ ਜੋੜਨ ਲਈ ਵੱਡਮੁੱਲਾ ਯੋਗਦਾਨ ਰਿਹਾ ਹੈ।

ਸਮੁੱਚੇ ਪ੍ਰੋਗਰਾਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤੇ ਅਤੇ ਬਹੁ-ਗਿਣਤੀ ਵਿੱਚ ਸੰਗਤਾਂ ਗੁਰੂ ਦੇ ਨਤਮਸਤਕ ਹੋਈਆ।