ਪੰਜਾਬ ‘ਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਵੰਡਿਆ ਸਰ੍ਹੋਂ ਦਾ ਬੀਜ: ਖੁੱਡੀਆਂ

Global Team
2 Min Read

ਚੰਡੀਗੜ੍ਹ: ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਹਾੜ੍ਹੀ ਦੇ ਸੀਜ਼ਨ 2023-24 ਦੌਰਾਨ ਸਰ੍ਹੋਂ ਦੇ ਬੀਜ ਦੀਆਂ 4500 ਮਿੰਨੀ-ਕਿੱਟਾਂ ਚਾਰ ਜ਼ਿਲ੍ਹਿਆਂ ਵਿੱਚ ਮੁਫ਼ਤ ਵੰਡੀਆਂ ਗਈਆਂ ਹਨ। ਇਸ ਸਾਲ ਸਰ੍ਹੋਂ ਦੀ ਫਸਲ ਹੇਠ ਰਕਬਾ ਤਕਰੀਬਨ 4000 ਹੈਕਟੇਅਰ ਤੱਕ ਵਧਣ ਦੀ ਸੰਭਾਵਨਾ ਹੈ।

ਇਹ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਬਠਿੰਡਾ, ਫਾਜ਼ਿਲਕਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸਰ੍ਹੋਂ ਦੀ ਆਰ.ਐੱਚ.-761 ਕਿਸਮ ਦਾ 90 ਕੁਇੰਟਲ ਬੀਜ ਮੁਫ਼ਤ ਉਪਲਬਧ ਕਰਵਾਇਆ ਗਿਆ ਹੈ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਇਸ ਪਹਿਲਕਦਮੀ ਨਾਲ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਸੂਬੇ ਵਿੱਚ ਸ਼ੁਰੂ ਕੀਤੀ ਗਈ ਫਸਲੀ ਵਿਭਿੰਨਤਾ ਮੁਹਿੰਮ ਨੂੰ ਹੋਰ ਹੁਲਾਰਾ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਸਾਲ ਸਰ੍ਹੋਂ ਦੀ ਫਸਲ ਹੇਠ ਰਕਬਾ ਤਕਰੀਬਨ 49000 ਹੈਕਟੇਅਰ ਹੋਣ ਦਾ ਅਨੁਮਾਨ ਹੈ, ਜੋ ਕਿ ਹਾੜ੍ਹੀ ਦੇ ਸੀਜ਼ਨ 2022-23 ਵਿੱਚ 45000 ਹੈਕਟੇਅਰ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਇਸ ਸਾਉਣੀ ਦੇ ਸੀਜ਼ਨ ਦੌਰਾਨ ਬਾਸਮਤੀ ਹੇਠ ਰਕਬਾ ਤਕਰੀਬਨ 20 ਫੀਸਦ ਤੱਕ ਵਧਿਆ ਹੈ। ਪਿਛਲੇ ਸੀਜ਼ਨ ਦੇ 4.94 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ ਬਾਸਮਤੀ ਹੇਠ ਰਕਬਾ ਵਧ ਕੇ 5.96 ਲੱਖ ਹੈਕਟੇਅਰ ਹੋ ਗਿਆ।

ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਮਿਸ਼ਨ ਤਹਿਤ ਸਰ੍ਹੋਂ ਦੇ ਬੀਜਾਂ ਦੀਆਂ ਕਿੱਟਾਂ ਮੁਫ਼ਤ ਵੰਡੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਵਿੱਚ ਸਰ੍ਹੋਂ ਦੀਆਂ ਵੱਧ ਝਾੜ ਦੇਣ ਵਾਲੀਆਂ ਨਵੀਆਂ ਕਿਸਮਾਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

Share This Article
Leave a Comment