ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ ਲਈ ਹਰ ਜ਼ਿਲ੍ਹੇ ‘ਚ ਖੋਲ੍ਹੇ ਜਾਣਗੇ ਮੁਫ਼ਤ ਗੱਤਕਾ ਸਿਖਲਾਈ ਕੇਂਦਰ : ਹਰਜੀਤ ਗਰੇਵਾਲ

TeamGlobalPunjab
2 Min Read

       ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋਂ ਬਚਾਉਣ ਅਤੇ ਸਿੱਖ ਸ਼ਸ਼ਤਰ ਵਿੱਦਿਆ ਗੱਤਕਾ ਨੂੰ ਪ੍ਰਫੁੱਲਤ ਕਰਨ ਅਤੇ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ‘ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ’ ਵੱਲੋਂ ਪੰਜਾਬ ਦੇ ਹਰੇਕ ਜ਼ਿਲੇ ਵਿੱਚ ਜਲਦੀ ਹੀ ਮੁਫ਼ਤ ਗੱਤਕਾ ਸਿਖਲਾਈ ਕੇਂਦਰ ਖੋਲੇ ਜਾ ਰਹੇ ਹਨ ਜਿਸ ਵਿੱਚ ਬੱਚਿਆਂ ਨੂੰ ਗੱਤਕੇ ਦੇ ਨਾਲ-ਨਾਲ ਗੁਰਮੁੱਖੀ, ਗੁਰਬਾਣੀ, ਗੁਰਮਤਿ ਸਮੇਤ ਸਿਹਤ ਤੇ ਸਵੱਛਤਾ ਬਾਰੇ ਵੀ ਗਿਆਨ ਦਿੱਤਾ ਜਾਵੇਗਾ।

        ਇਹ ਜਾਣਕਾਰੀ ਦਿੰਦਿਆਂ ਕੌਂਸਲ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ‘ਸਟੇਟ ਐਵਾਰਡੀ’ ਨੇ ਦੱਸਿਆ ਕਿ ਗਲੋਬਲ ਮਿਡਾਸ ਫਾਊਂਡੇਸਨ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰਾਜੈਕਟ ਅਧੀਨ ਗੱਤਕਾ ਤੇ ਗੁਰਬਾਣੀ ਦੇ ਜਾਣਕਾਰ ਗੁਰਸਿੱਖ ਲੜਕੇ ਅਤੇ ਲੜਕੀਆਂ ਕੋਲੋਂ ਉਪਰੋਕਤ ਅਸਾਮੀਆਂ ਲਈ ਅਰਜੀਆਂ ਦੀ ਮੰਗ 8 ਜੂਨ ਤੋ ਵਧਾ ਕੇ ਹੁਣ 15 ਜੂਨ ਤੱਕ ਕਰ ਦਿੱਤੀ ਗਈ ਹੈ ਜਿਸ ਵਿੱਚ ਧਾਰਮਿਕ, ਗੁਰਬਾਣੀ ਕਥਾ, ਕੀਰਤਨ/ਤਬਲਾ ਅਤੇ ਵੱਧ ਪੜੇ ਲਿਖੇ ਨੌਜਵਾਨਾਂ ਨੂੰ ਤਰਜ਼ੀਹ ਦਿੱਤੀ ਜਾਵੇਗੀ।

 

- Advertisement -

        ਉਨ੍ਹਾਂ ਦੱਸਿਆ ਕਿ ਚੁਣੇ ਗਏ ਨੌਜਵਾਨਾਂ ਦੀ ਇੰਟਰਵਿਊ ਕੌਂਸਲ ਦੇ ਪੰਜ ਮੈਂਬਰੀ ਗੁਰਸਿੱਖ ਪੈਨਲ ਵੱਲੋਂ ਲਈ ਜਾਵੇਗੀ ਅਤੇ ਚੁਣੇ ਗਏ ਨੌਜਵਾਨਾਂ ਨੂੰ ਮਹੀਨਾਵਾਰ ਤਨਖਾਹ ਦਿੱਤੀ ਜਾਵੇਗੀ ਤੇ ਉਨਾਂ ਨੂੰ ਪੰਜਾਬ ਦੇ ਵੱਖ-ਵੱਖ 23 ਜ਼ਿਲਾ ਗੱਤਕਾ ਸਿਖਲਾਈ ਕੇਂਦਰਾਂ ’ਚ ਭੇਜਿਆ ਜਾਵੇਗਾ ਜਿੱਥੇ ਉਨਾਂ ਵਲੋਂ ਬੱਚਿਆਂ ਦੀਆਂ ਸਵੇਰੇ ਤੇ ਸ਼ਾਮ ਨੂੰ ਗੱਤਕਾ ਸਿਖਲਾਈ ਕਲਾਸਾਂ ਲਗਾਈਆਂ ਜਾਣਗੀਆਂ।

ਹਰਜੀਤ ਗਰੇਵਾਲ, ਜੋ ਕਿ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ ਇੰਡੀਆ ਦੇ ਕੌਮੀ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਜ਼ਿਲਾ ਗੱਤਕਾ ਸਿਖਲਾਈ ਕੇਂਦਰਾਂ ’ਚ ਹਰ ਹਫ਼ਤੇ ਗੁਰਮਤਿ, ਖੇਡਾਂ, ਸਿਹਤ ਤੇ ਚਰਿੱਤਰ ਉਸਾਰੀ ਬਾਰੇ ਆਨਲਾਈਨ ਲੈਕਚਰ ਵੀ ਲਗਾਏ ਜਾਣਗੇ। ਉਨਾਂ ਕਿਹਾ ਕਿ ਕੌਂਸਲ ਵੱਲੋਂ ਸਮੇਂ-ਸਮੇਂ ਤੇ ਕੇਂਦਰਾਂ ‘ਚ ਆਨਲਾਈਨ ਸਿਖਲਾਈ ਤੇ ਗੁਰਬਾਣੀ ਸੈਮੀਨਾਰ ਵੀ ਲਗਾਏ ਜਾਇਆ ਕਰਨਗੇ।

          ਉਨਾਂ ਕਿਹਾ ਕਿ ਇਹਨਾਂ ਸਿਖਲਾਈ ਕੇਂਦਰਾਂ ’ਚ ਨੌਕਰੀ ਲਈ 25 ਤੋਂ 40 ਸਾਲ ਤੱਕ ਦੀ ਉਮਰ ਦੇ ਚਾਹਵਾਨ ਗੁਰਸਿੱਖ www.Gatkaa.com ਵੈਬਸਾਈਟ ਤੋਂ ਫਾਰਮ ਡਾਊਨਲੋਡ ਕਰਕੇ ਪੂਰੇ ਵੇਰਵੇ 15 ਜੂਨ ਤੱਕ ISMACouncil@gmail.com ਈਮੇਲ ’ਤੇ ਭੇਜਣ। ਉਨਾਂ ਦੱਸਿਆ ਕਿ ਜ਼ਿਲੇ ਦੇ ਹਰ ਸਿਖਲਾਈ ਕੇਂਦਰ ਨੂੰ ਕੌਂਸਲ ਵੱਲੋਂ ਗੱਤਕਾ ਸ਼ਸ਼ਤਰ ਅਤੇ ਗੱਤਕਈ ਸਿੰਘਾਂ ਲਈ ਬਾਣੇ ਵੀ ਮੁਫ਼ਤ ਦਿੱਤੇ ਜਾਣਗੇ।

Share this Article
Leave a comment