ਕਿਗਾਲੀ : ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਇਹਨੇ ਦਿਨੀਂ ਪੂਰਬੀ ਅਫ਼ਰੀਕੀ ਦੇਸ਼ ਰਵਾਂਡਾ ਦੀ ਯਾਤਰਾ ‘ਤੇ ਹਨ । ਵੀਰਵਾਰ ਨੂੰ ਰਵਾਂਡਾ ਦੀ ਰਾਜਧਾਨੀ ਕਿਗਾਲੀ ਵਿਖੇ ਅਹਿਮ ਭਾਸ਼ਣ ਦਿੰਦੇ ਹੋਏ ਰਾਸ਼ਟਰਪਤੀ ਮੈਕਰੋਂ ਨੇ ਕਿਹਾ ਕਿ ਅਫਰੀਕੀ ਦੇਸ਼ ਵਿਚ 1994 ਦੇ ਕਤਲੇਆਮ ਵਿਚ ਫਰਾਂਸ ਦੀ ਵੀ ਜ਼ਿੰਮੇਵਾਰੀ ਹੈ। ਰਾਜਧਾਨੀ ਕਿਗਾਲੀ ਵਿਚ ਕਤਲੇਆਮ ਸਮਾਰਕ ‘ਤੇ ਵੀਰਵਾਰ ਨੂੰ ਕਿਹਾ ਕਿ ਫਰਾਂਸ ਕਤਲੇਆਮ ਵਿਚ ਸਾਥੀ ਨਹੀਂ ਸੀ ਪਰ ਉਸ ਨੇ ਰਵਾਂਡਾ ਦੇ ‘ਕਤਲੇਆਮ ਸ਼ਾਸਨ’ ਦਾ ਪੱਖ ਲਿਆ ਅਤੇ ਇਸ ਲਈ ਉਸ ‘ਤੇ ਭਾਰੀ ਜ਼ਿੰਮੇਵਾਰੀ ਹੈ।
ਮੈਕਰੋਂ ਨੇ ਕਿਹਾ,”ਫਰਾਂਸ ਦੀ ਰਵਾਂਡਾ ਵਿੱਚ ਇਕ ਭੂਮਿਕਾ, ਇਕ ਇਤਿਹਾਸ ਅਤੇ ਇਕ ਰਾਜਨੀਤਕ ਜ਼ਿੰਮੇਵਾਰੀ ਹੈ। ਸੱਚ ਜਾਨਣ ਦੇ ਬਾਵਜੂਦ ਲੰਬੇਂ ਸਮੇਂ ਤੱਕ ਚੁੱਪ ਰਹਿ ਕੇ ਰਵਾਂਡਾ ਦੇ ਲੋਕਾਂ ਨੂੰ ਦਿੱਤੇ ਦਰਦ ਨੂੰ ਪਛਾਨਣਾ ਵੀ ਇਕ ਫਰਜ਼ ਹੈ।”
ਉਹਨਾਂ ਨੇ ਕਿਹਾ,”ਜਦੋਂ ਕਤਲੇਆਮ ਸ਼ੁਰੂ ਹੋਇਆ ਤਾਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ‘ਤੇ ਪ੍ਰਤੀਕਿਰਿਆ ਦੇਣ ਲਈ ਤਿੰਨ ਮਹੀਨੇ ਦਾ ਸਮਾਂ ਲੱਗਾ ਅਤੇ ਅਸੀਂ ਸਾਰਿਆਂ ਨੇ ਹਜ਼ਾਰਾਂ ਪੀੜਤਾਂ ਨੂੰ ਬੇਸਹਾਰਾ ਛੱਡ ਦਿੱਤਾ।”
ਉਹਨਾਂ ਨੇ ਕਿਹਾ ਕਿ ਫਰਾਂਸ ਦੀ ਅਸਫਲਤਾ ਕਾਰਨ ਦੋਹਾਂ ਦੇਸ਼ਾਂ ਵਿਚਾਲੇ 27 ਸਾਲ ਤੱਕ ਦੂਰੀਆਂ ਰਹੀਆਂ। ਮੈਕਰੋਂ ਨੇ ਕਿਹਾ ਕਿ ਮੈਨੂੰ ਸਾਡੀ ਜ਼ਿੰਮੇਵਾਰੀ ਲੈਣ ਲਈ ਆਉਣਾ ਪਿਆ। ਫ੍ਰਾਂਸੀਸੀ ਰਾਸ਼ਟਰਪਤੀ ਵੀਰਵਾਰ ਤੜਕੇ ਕਿਗਾਲੀ ਪਹੁੰਚੇ ਅਤੇ ਉਹਨਾਂ ਨੇ ਰਾਸ਼ਟਰਪਤੀ ਰਿਹਾਇਸ਼ ਵਿਚ ਰਾਸ਼ਟਰਪਤੀ ਪੌਲ ਕਗਾਮੇ ਨਾਲ ਮੁਲਾਕਾਤ ਕੀਤੀ।
ਜ਼ਿਕਰਯੋਗ ਹੈ ਕਿ 1994 ਦੇ ਕਤਲੇਆਮ ਤੋਂ ਬਾਅਦ ਫਰਾਂਸ ਅਤੇ ਰਵਾਂਡਾ ਦੇ ਰਿਸ਼ਤੇ ਬਹਿਤਰ ਨਹੀਂ ਰਹੇ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਇਹ ਯਾਤਰਾ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। 2017 ਵਿੱਚ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਮੈਨੁਅਲ ਮੈਕਰੋਂ ਦੀ ਰਵਾਂਡਾ ਦੀ ਇਹ ਪਹਿਲੀ ਯਾਤਰਾ ਹੈ।