ਆਹ ਚੱਕੋ ! ਮੇਰਾ ਵੀ ਅਸਤੀਫ਼ਾ ; ਅਸਤੀਫਿਆਂ ਦਾ ਲੱਗਿਆ ਚੌਕਾ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਵਿੱਚ ਹਾਲਾਤ ਇਸ ਸਮੇਂ ਵਿਸਫੋਟਕ ਬਣੇ ਹੋਏ ਹਨ। ਨਵਜੋਤ ਸਿੱਧੂ ਦੀ ਹਮਾਇਤ ਵਿੱਚ ਕਾਂਗਰਸੀ ਵਿਧਾਇਕਾਂ ਅਤੇ ਅਹੁਦੇਦਾਰਾਂ ਵੱਲੋਂ ਅਸਤੀਫਿਆਂ ਦਾ ਦੌਰ ਲਗਾਤਾਰ ਜਾਰੀ ਹੈ। ਆਪਣੇ ਅਹੁਦਿਆਂ ਤੋਂ ਅਸਤੀਫਾ ਦੇਣ ਵਾਲੇ ਕਾਂਗਰਸੀਆਂ ਦਾ ਚੌਕਾ ਲੱਗ ਚੁੱਕਾ ਹੈ।

ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਹੁਣ ਕਾਂਗਰਸ ਦੇ ਜਨਰਲ ਸਕੱਤਰ ਯੋਗਿੰਦਰ ਢੀਂਗੜਾ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।

ਯੋਗਿੰਦਰ ਢੀਂਗੜਾ ਨੂੰ ਪਿਛਲੇ ਹਫ਼ਤੇ ਹੀ ਕਾਂਗਰਸ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਰਜ਼ੀਆ ਸੁਲਤਾਨਾ ਨੇ ਦੋ ਦਿਨ ਪਹਿਲਾਂ ਕੈਬਨਿਟ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ ਅਤੇ ਅੱਜ ਹੀ ਉਨ੍ਹਾਂ ਨੂੰ ਵਿਭਾਗ ਸੌਂਪਿਆ ਗਿਆ ਸੀ।

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਅਤੇ ਗੁਲਜ਼ਾਰ ਇੰਦਰ ਚਾਹਲ ਨੇ ਖਜਾਨਚੀ ਦੇ ਆਪਣੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਸੀ।

ਦਰਅਸਲ ਇਨ੍ਹਾਂ ਅਸਤੀਫਿਆਂ ਦੇ ਪਿੱਛੇ ਕਾਰਨ ਨਵਜੋਤ ਸਿੰਘ ਸਿੱਧੂ ਦੀ ਨਾਰਾਜ਼ਗੀ ਹੈ। ਸਿੱਧੂ ਨਹੀਂ ਚਾਹੁੰਦੇ ਸਨ ਕਿ ਗ੍ਰਹਿ ਮੰਤਰਾਲਾ ਸੁਖਜਿੰਦਰ ਰੰਧਾਵਾ ਨੂੰ ਦਿੱਤਾ ਜਾਵੇ। ਇਸਦੇ ਨਾਲ ਹੀ ਸਿੱਧੂ ਨੂੰ ਰਾਣਾ ਗੁਰਜੀਤ ਸਿੰਘ ਨੂੰ ਕੈਬਿਨਟ ‘ਚ ਸ਼ਾਮਲ ਕਰਨ ‘ਤੇ ਵੀ ਇਤਰਾਜ਼ ਹੈ। ਸਿੱਧੂ ਨੂੰ ਇਤਰਾਜ਼ ਡੀਜੀਪੀ ਅਤੇ ਐਡਵੋਕੇਟ ਜਨਰਲ ਦੀ ਨਿਯੁਕਤ ‘ਤੇ ਵੀ ਹੈ। ਇਨ੍ਹਾਂ ਨਾਰਾਜ਼ਗੀਆਂ ਦੇ ਚਲਦੇ ਹੀ ਨਵਜੋਤ ਸਿੱਧੂ ਨੇ ਅੱਜ  ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ।

ਦੇਰ ਰਾਤ ਤਕ ਕੁਝ ਹੋਰ ਅਸਤੀਫਿਆਂ ਦੇ ਆਉਣ ਦੀ ਸੰਭਾਵਨਾ ਹੈ। ਫਿਲਹਾਲ ਪਾਰਟੀ ਹਾਈਕਮਾਂਡ ਲਈ ਇਹ ਮਸਲਾ ਲੋਹੇ ਦੇ ਚਣੇ ਚੱਬਣ ਵਾਲਾ ਬਣਿਆ ਹੋਇਆ ਹੈ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਮੰਨ ਕੇ ਹੀ ਕੈਪਟਨ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ ਅਤੇ ਹੁਣ ਸਿੱਧੂ ਖੁਦ ਹੀ ਪਾਰਟੀ ਦੀ ਬਾਗ਼ਡੋਰ ਛੱਡ ਕੇ ਵਿਰੋਧੀ ਧਿਰਾਂ ਨੂੰ ਹਾਵੀ ਹੋਣ ਦਾ ਮੌਕਾ ਦੇ ਰਹੇ ਹਨ।

ਦੂਜੇ ਪਾਸੇ ਵਿਰੋਧੀ, ਸਿੱਧੂ ਬਹਾਨੇ ਕਾਂਗਰਸ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਨਵਜੋਤ ਸਿੱਧੂ ਨੂੰ ਇੱਕ ਵਾਰ ਮੁੜ ਤੋਂ ‘ਮਿਸਗਾਇਡੇਡ ਮਿਸਾਇਲ’ ਆਖ ਕੇ ਮਖੌਲ ਉਡਾਇਆ ਹੈ।

ਫਿਲਹਾਲ ਵੇਖਣਾ ਹੋਵੇਗਾ ਕਿ ਪੰਜਾਬ ਕਾਂਗਰਸ ਦੇ ਤਾਜ਼ਾ ਮਸਲੇ ਦੇ ਹੱਲ ਲਈ ਪਾਰਟੀ ਹਾਈਕਮਾਂਡ ਕਿੰਨੀ ਛੇਤੀ ਕੋਈ ਕਦਮ ਚੁੱਕਦੀ ਹੈ ਕਿਉਂਕਿ ਹਾਲੇ ਤਕ ਹਾਈਕਮਾਂਡ ਚੁਪਚਾਪ ਤਮਾਸ਼ਾ ਦੇਖ ਰਹੀ ਹੈ।

Share This Article
Leave a Comment