ਚੰਡੀਗੜ੍ਹ ‘ਚ ਕੋਰੋਨਾ ਦੇ ਚਾਰ ਹੋਰ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ, ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹੋਈ 414

TeamGlobalPunjab
2 Min Read

ਚੰਡੀਗੜ੍ਹ : ਰਾਜਧਾਨੀ ਚੰਡੀਗੜ੍ਹ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇਸ ‘ਚ ਹੀ ਅੱਜ ਤੜਕਸਾਰ ਯੂਟੀ ‘ਚ ਕੋਰੋਨਾ ਦੇ 4 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਚੰਡੀਗੜ੍ਹ ‘ਚ ਕੋਰੋਨਾ ਪੀੜਤ ਮਰੀਜ਼ਾਂ ਦਾ ਅੰਕੜਾ 414 ਤੱਕ ਪਹੁੰਚ ਗਿਆ ਹੈ। ਅੱਜ ਮਿਲੇ ਨਵੇਂ ਮਾਮਲਿਆਂ ‘ਚ ਮੌਲੀਜਾਗਰਾਂ ਦੀ ਰਹਿਣ ਵਾਲੀ ਇੱਕ 48 ਸਾਲਾ ਮਹਿਲਾ, ਸੈਕਟਰ-38ਸੀ, ਸੈਕਟਰ-29 ਅਤੇ ਸੈਕਟਰ-38 ਵੈਸਟ ਦੇ ਰਹਿਣ ਵਾਲੇ ਤਿੰਨ ਨੌਜਵਾਨ ਸ਼ਾਮਲ ਹਨ। ਯੂਟੀ ‘ਚ ਅਜੇ ਵੀ ਕੋਰੋਨਾ ਦੇ 86 ਮਾਮਲੇ ਸਰਗਰਮ ਹਨ।

ਬੀਤੇ ਸੋਮਵਾਰ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਟ੍ਰਾਈਸਿਟੀ ਦੇ ਅਧਿਕਾਰੀਆਂ ਨਾਲ ਡੇਲੀ ਵਾਰਰੂਮ ਦੀ ਮੀਟਿੰਗ ਕੀਤੀ ਅਤੇ ਸਥਿਤੀ ਦਾ ਜ਼ਾਇਜਾ ਲਿਆ। ਰਾਜਪਾਲ ਨੇ ਚੰਡੀਗੜ੍ਹ ‘ਚ ਦਿਨੋਂ ਦਿਨ ਵੱਧ ਰਹੇ ਕੋਰੋਨਾ ਸੰਕਰਮਿਤ ਮਾਮਲਿਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ। ਡੇਲੀ ਵਾਰਰੂਮ ਦੀ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਟ੍ਰਾਈਸਿਟੀ ਦੇ ਬਾਹਰ ਹੋਰ ਥਾਵਾਂ ਤੋਂ ਆਉਣ ਵਾਲੇ ਹਰ ਇੱਕ ਵਿਅਕਤੀ ਨੂੰ 14 ਦਿਨਾਂ ਲਈ ਲਾਜ਼ਮੀ ਇਕਾਂਤਵਾਸ ‘ਚ ਰਹਿਣਾ ਹੋਵੇਗਾ। ਵੀ.ਪੀ. ਬਦਨੌਰ ਨੇ ਪ੍ਰਿੰਸੀਪਲ ਸਕੱਤਰ ਅਰੁਣ ਕੁਮਾਰ ਗੁਪਤਾ ਨੂੰ ਇਸ ਸਬੰਧ ‘ਚ ਅਲੱਗ ਤੋਂ ਦਿਸ਼ਾਂ ਨਿਰਦੇਸ਼ ਜਾਰੀ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਸੋਮਵਾਰ ਨੂੰ ਪ੍ਰਾਈਵੇਟ ਲੈਬ ‘ਚ ਟੈਸਟ ਦਾ ਰੇਟ ਤੈਅ ਕਰਕੇ ਦੋ ਹਜ਼ਾਰ ਰੁਪਏ ਕਰ ਦਿੱਤਾ ਹੈ। ਸੋਮਵਾਰ ਨੂੰ ਐਡਵਾਈਜ਼ਰ ਮਨੋਜ ਪਰਿਦਾ, ਪ੍ਰਿੰਸੀਪਲ ਸੈਕਰੇਟਰੀ ਹੈਲਥ ਅਰੁਣ ਕੁਮਾਰ ਗੁਪਤਾ ਅਤੇ ਐਸਆਰਐਲ ਡਾਇਗਨੋਸਟਿਕਸ ਲੈਬੋਰੇਟਰੀ ਦੇ ਪ੍ਰਤੀਨਿਧੀਆਂ ਵਿਚਾਲੇ ਬੈਠਕ ਹੋਈ ਜਿਸ ਵਿੱਚ ਇਹ ਫ਼ੈਸਲਾ ਲਿਆ ਗਿਆ। ਹੁਣ ਸ਼ਹਿਰ ਦੀ ਕੋਈ ਵੀ ਪ੍ਰਾਈਵੇਟ ਲੈਬ ਮਰੀਜ਼ ਤੋਂ ਕੋਰੋਨਾ ਟੈਸਟਿੰਗ ਲਈ ਓਵਰਚਾਰਜਿੰਗ ਨਹੀਂ ਕਰ ਸਕੇਗੀ। ਚੰਡੀਗੜ੍ਹ ‘ਚ ਲਗਾਤਾਰ ਕੋਰੋਨਾ ਟੈਸਟਿੰਗ ਦੇ ਨਾਮ ‘ਤੇ ਪ੍ਰਾਈਵੇਟ ਲੈਬ ਵੱਲੋਂ ਲੁੱਟ ਦੇ ਮਾਮਲੇ ਸਾਹਮਣੇ ਆ ਰਹੇ ਸਨ। ਜਿਸ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੀ ਪ੍ਰਾਈਵੇਟ ਲੈਬ ਐਸਆਰਐਲ ਲਈ ਕੋਰੋਨਾ ਟੈਸਟਿੰਗ ਦਾ ਰੇਟ ਤੈਅ ਕਰ ਦਿੱਤਾ ਹੈ। ਸ਼ਹਿਰ ‘ਚ ਸਿਰਫ ਇੱਕ ਹੀ ਪ੍ਰਾਈਵੇਟ ਲੈਬ ਹੈ, ਜਿਸ ਨੂੰ ਆਈਸੀਐਮਆਰ ਤੋਂ ਕੋਰੋਨਾ ਟੈਸਟਿੰਗ ਦੀ ਮਨਜ਼ੂਰੀ ਹੈ।

Share this Article
Leave a comment